ਲੁਧਿਆਣਾ : ਦੀਵਾਲੀ ਮੌਕੇ ਜਿਥੇ ਹਰ ਕੋਈ ਆਪਣੇ ਘਰਾਂ ਨੂੰ ਰੋਸ਼ਨ ਕਰਨਾ ਚਾਹੁੰਦਾ ਹੈ, ਉਥੇ ਹੀ ਲੁਧਿਆਣਾ ਦੇ ਏਕ ਜੋਤ ਸੇਵਾ ਕੇਂਦਰ 'ਚ ਪੜ੍ਹਨ ਵਾਲੇ ਦਿਵਿਆਂਗ ਵਿਦਿਆਰਥੀ ਹਰ ਸਾਲ ਵਾਂਗ ਇਸ ਵਾਰ ਵੀ ਦੀਵਾਲੀ ਦੇ ਤਿਉਹਾਰ ਲਈ ਰੰਗ ਬਿਰੰਗੇ ਦੀਵੇ ਤਿਆਰ ਕਰ ਰਹੇ ਹਨ।ਖ਼ੁਦ ਦੀ ਜ਼ਿੰਦਗੀ 'ਚ ਹਨੇਰਾ ਹੋਣ ਦੇ ਬਾਵਜੂਦ ਵੀ ਇਹ ਦਿਵਿਆਂਗ ਬੱਚੇ ਆਪਣੇ ਦੀਵੀਆਂ ਤੇ ਰੌਸ਼ਨੀ ਦੀ ਆਸ ਨਾਲ ਲੋਕਾਂ ਦੇ ਘਰਾਂ ਨੂੰ ਰੋਸ਼ਨ ਕਰਨਗੇ।
ਸ਼ਹਿਰ ਦੀ ਏਕ ਜੋਤ ਸੇਵਾ ਸੰਭਾਲ ਵਿਕਲਾਂਗ ਕੇਂਦਰ ਸੰਸਥਾ ਵੱਲੋਂ ਇਨ੍ਹਾਂ ਦਿਵਿਆਂਗ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ। ਇਥੇ ਪੜ੍ਹਨ ਵਾਲੇ ਕੁੱਝ ਬੱਚਿਆਂ ਨੇ ਦੱਸਿਆ ਕਿ ਇਥੇ ਉਨ੍ਹਾਂ ਦੀ ਚੰਗੀ ਦੇਖਭਾਲ ਹੁੰਦੀ ਹੈ। ਉਨ੍ਹਾਂ ਨੂੰ ਗਾਇਨ,ਸੰਗੀਤ ਤੇ ਹੋਰਨਾਂ ਸਜਾਵਟੀ ਸਮਾਨ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਸੰਸਥਾ 'ਚ ਸੇਵਾ ਕਰਨ ਵਾਲੀ ਸਮਾਜ ਸੇਵਿਕਾ ਜੋਤੀ ਨੇ ਦੱਸਿਆ ਕਿ ਇਥੇ ਗਰੀਬ ਪਰਿਵਾਰ ਦੇ ਦਿਵਿਆਂਗ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਸੰਸਥਾ ਵੱਲੋਂ ਬੱਚਿਆ ਨੂੰ ਪਿਕਅਪ ਤੇ ਡਰਾਪ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ, ਕਿਉਂਕਿ ਇਨ੍ਹਾਂ ਦੇ ਪਰਿਵਾਰ ਬੱਚਿਆਂ ਦਾ ਖਰਚਾ ਨਹੀਂ ਚੁੱਕ ਸਕਦੇ। ਉਨ੍ਹਾਂ ਕਿਹਾ ਕਿ ਇਥੋਂ ਦੇ ਕੁੱਝ ਵਿਦਿਆਰਥੀ ਸਿਖਲਾਈ ਲੈ ਕੇ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਨ੍ਹਾਂ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਦੀਵੀਆਂ ਨੂੰ ਖ਼ਰੀਦਣ, ਇਸ ਨਾਲ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਵੀ ਹੋਵੇਗੀ।
ਇਸ ਸੰਸਥਾ ਨੂੰ ਚਲਾਉਣ ਵਾਲੀ ਅਧਿਆਪਕਾ ਦੀ ਧੀ ਸ਼ਾਇਨੀ ਨੇ ਦੱਸਿਆ ਕਿ ਉਹ ਆਫਣੀ ਮਾਤਾ ਦੇ ਨਾਲ ਤਿੰਨ ਸਾਲ ਤੋਂ ਇਥੇ ਬੱਚਿਆਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ ਇਥੇ 70 ਤੋਂ ਵੱਧ ਬੱਚੇ ਸਨ, ਪਰ ਕੋਰੋਨਾ ਕਾਲ 'ਚ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖਣ ਲਈ ਮਹਿਜ਼ 25 ਤੋਂ 30 ਬੱਚੇ ਹੀ ਸਿਖਲਾਈ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਬੱਚੇ ਇਥੇ ਹੀ ਰਹਿੰਦੇ ਹਨ ਤੇ ਸਟਾਫ ਵੱਲੋਂ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਇਥੇ ਬੱਚਿਆਂ ਨੂੰ ਸੰਗੀਤ, ਸਜਾਵਟੀ ਵਸਤੂਆਂ ਤਿਆਰ ਕਰਨਾ, ਤੇ ਹੋਰਨਾਂ ਕਈ ਚੀਜਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸ਼ਾਇਨੀ ਨੇ ਦੱਸਿਆ ਕਿ ਸੰਸਥਾ ਵੱਲੋੰ ਇਨ੍ਹਾਂ ਦਿਵਿਆਂਗ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।