ਲੁਧਿਆਣਾ: ਗਣੇਸ਼ ਚਤੁਰਥੀ ਨੂੰ ਸ਼ਰਧਾਲੂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗਣੇਸ਼ ਚਤੁਰਥੀ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਦੀ ਮੂਰਤੀ ਘਰ ਵਿਚ ਸਥਾਪਿਤ ਕੀਤੀ ਜਾਂਦੀ ਹੈ ਅਤੇ ਇਸਦੀ ਪੂਜਾ ਕਰਕੇ ਸ਼ਰਧਾਲੂ ਮੂਰਤੀ ਨੂੰ ਜਲਪ੍ਰਵਾਹ ਕਰਦੇ ਹਨ।
ਮੂਰਤੀਕਾਰਾਂ ਦਾ ਜੁੜਿਆ ਰੁਜ਼ਗਾਰ
ਦੱਸ ਦਈਏ ਕਿ ਇਸ ਤਿਉਹਾਰ ਨਾਲ ਕਈ ਮੂਰਤੀਕਾਰਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਜ਼ਿਲ੍ਹੇ ਲੁਧਿਆਣਾ ਦੇ ਰਹਿਣ ਵਾਲੇ ਇਹ ਮੂਰਤੀਕਾਰ ਆਪਣੇ ਪਰਿਵਾਰ ਸਣੇ ਦਹਾਕਿਆਂ ਤੋਂ ਮੂਰਤੀ ਬਣਾਉਣ ਦਾ ਕੰਮ ਕਰ ਰਹੇ ਹਨ।
'2 ਤੋਂ 3 ਘੰਟੇ ਦਾ ਲੱਗਦਾ ਹੈ ਸਮਾਂ'
ਇਸ ਮੌਕੇ ਗੱਲਬਾਤ ਕਰਦੇ ਹੋਏ ਮੂਰਤੀਕਾਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਇਹ ਕੰਮ ਕਰਦੇ ਆ ਰਹੇ ਹਨ। ਇੱਕ ਮੂਰਤੀ ਨੂੰ ਬਣਾਉਣ ਦੇ ਲਈ ਉਨ੍ਹਾਂ ਨੂੰ ਲਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਹੈ। ਫਿਰ ਮੂਰਤੀ ਨੂੰ ਸੁਕਾਇਆ ਜਾਂਦਾ ਹੈ ਅਤੇ ਫਿਰ 2 ਜਾਂ 3 ਦਿਨ ਬਾਅਦ ਇਸ ਨੂੰ ਰੰਗ ਕੀਤਾ ਜਾਂਦਾ ਹੈ।
'ਇਸੇ ਕੰਮ ਤੋਂ ਚਲ ਰਿਹਾ ਘਰ ਦਾ ਗੁਜਾਰਾ'
ਮੂਰਤੀਕਾਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੂਰਾ ਪਰਿਵਾਰ ਇਸੇ ਕੰਮ ’ਤੇ ਨਿਰਭਰ ਕਰਦਾ ਹੈ ਅਤੇ ਇਸ ਨਾਲ ਹੀ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਖਰਚਾ ਚਲਦਾ ਹੈ, ਪਰ ਹੁਣ ਉਨ੍ਹਾਂ ਦਾ ਕੰਮ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ।
ਦੂਜੇ ਪਾਸੇ ਮੂਰਤੀਕਾਰ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਜਿਆਦਾ ਚੰਗਾ ਨਹੀਂ ਚਲ ਰਿਹਾ ਹੈ। ਘਰ ਦੇ ਗੁਜਾਰੇ ਲਈ ਉਹ ਇਹ ਕੰਮ ਕਰਦੇ ਹਨ ਪਰ ਉਨ੍ਹਾਂ ਦੇ ਘਰ ਦਾ ਗੁਜਾਰਾ ਸਹੀ ਢੰਗ ਨਾਲ ਨਹੀਂ ਚਲ ਰਿਹਾ ਹੈ। ਪਿਛਲੇ 25 ਸਾਲ ਤੋਂ ਹੀ ਉਹ ਇਹ ਕੰਮ ਕਰਦੇ ਆ ਰਹੇ ਹਨ।
ਸ਼ਰਧਾਲੂਆਂ ਵੱਲੋਂ ਕੀਤੀ ਜਾਂਦੀ ਹੈ ਪੂਜਾ
ਗਣੇਸ਼ ਚਤੁਰਥੀ ਨੂੰ ਸ਼ਰਧਾਲੂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ। ਇਸ ਦਿਨ ਸ਼ਰਧਾਲੂ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਘਰ ਵਿਰਾਜਮਾਨ ਕਰਦੇ ਹਨ ਤੇ 10 ਦਿਨ ਤੱਕ ਉਨ੍ਹਾਂ ਦੀ ਪੂਜਾ ਕਰਦੇ ਹਨ। ਗਣੇਸ਼ ਚਤੁਰਥੀ ਉੱਤੇ ਸ਼ਰਧਾਲੂ ਗਣੇਸ਼ ਭਗਵਾਨ ਨੂੰ ਆਪਣੇ ਇੱਕ ਘਰ ਦੇ ਮੈਂਬਰ ਵਾਂਗ ਰੱਖਦੇ ਹਨ।