ਲੁਧਿਆਣਾ: ਬੁੱਢਾ ਦਰਿਆ ਤੋਂ ਬਣਿਆ ਬੁੱਢਾ ਨਾਲਾ ਹਰ ਸਾਲ ਬਰਸਾਤ ਵਿੱਚ ਕਹਿਰ ਵਰਤਾਉਂਦਾ ਹੈ। ਬੀਤੇ ਸਾਲ ਵੀ ਵੱਡੀ ਤਾਦਾਦ ਵਿੱਚ ਹੜ੍ਹ ਕਾਰਨ ਬੁੱਢਾ ਨਾਲਾ ਓਵਰਫਲੋ ਹੋ ਗਿਆ ਸੀ, ਜਿਸ ਕਾਰਨ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਗਿਆ ਸੀ।
ਅਜਿਹੇ 'ਚ ਇਸ ਸਾਲ ਵੀ ਭਾਰਤ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਵਿੱਚ ਵੀ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ। ਪਰ ਵੱਡੇ ਵੱਡੇ ਦਾਅਵੇ ਕਰਨ ਵਾਲਾ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਸ਼ਾਇਦ ਬੁੱਢੇ ਨਾਲੇ ਦੀ ਹਾਲਤ ਤੋਂ ਅਣਜਾਣ ਹਨ।
ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਬੁੱਢੇ ਦਰਿਆ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਵੱਡੀ ਤਾਦਾਦ ਵਿੱਚ ਬੂਟੀ ਜੰਮੀ ਹੋਈ ਸੀ। ਪੂਰਾ ਬੁੱਢਾ ਨਾਲਾ ਬਲਾਕ ਹੋਇਆ ਪਿਆ ਹੈ। ਅਜਿਹੇ 'ਚ ਜੇਕਰ ਤੇਜ਼ ਮੀਂਹ ਪਿਆ ਤਾਂ ਹਾਲਾਤ ਬਦ ਤੋਂ ਬੱਤਰ ਬਣਦਿਆਂ ਦੇਰ ਨਹੀਂ ਲੱਗੇਗੀ।
ਇਸ ਸਬੰਧੀ ਸਮਾਜ ਸੇਵੀ ਪ੍ਰਵੀਨ ਡੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਹੈ। ਨਾ ਤਾਂ ਨਗਰ ਨਿਗਮ ਇਸ ਨੂੰ ਸਾਫ ਕਰਨਾ ਚਾਹੁੰਦੀ ਹੈ ਅਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ। ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤਾਂ 'ਚ ਬੁੱਢਾ ਨਾਲਾ ਓਵਰ ਫਲੋਅ ਮਾਰਦਾ ਹੈ ਪਰ ਹਾਲੇ ਤੱਕ ਪ੍ਰਸ਼ਾਸਨ ਨੇ ਇਸ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ ਜੇਕਰ ਬੁੱਢੇ ਨਾਲੇ ਨਾਲ ਬੇਘਰ ਹੋਣ ਵਾਲੇ ਲੋਕਾਂ ਨੂੰ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਮੇਅਰ ਦੇ ਘਰ ਰਖਵਾਇਆ ਜਾਵੇ ਤਾਂ ਹੀ ਇਨ੍ਹਾਂ ਨੂੰ ਸ਼ਾਇਦ ਇਹ ਸਮਝ ਆਵੇਗੀ, ਕਿ ਉਹ ਕਿਹੜੀਆਂ ਸਮੱਸਿਆਵਾਂ ਨਾਲ ਨਜਿੱਠ ਰਹੇ ਹਨ।
ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਨੂੰ ਲੈ ਕੇ ਇੱਕ ਬੋਰਡ ਦਾ ਗਠਨ ਹੋਣਾ ਚਾਹੀਦਾ ਹੈ। ਇਕੋ ਹੀ ਅਫ਼ਸਰ 'ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਤਾਂ ਜੋ ਕੰਮ ਨਾ ਹੋਣ ਕਰਕੇ ਉਸ ਦੀ ਜਵਾਬਦੇਹੀ ਹੋਵੇ।