ਲੁਧਿਆਣਾ: ਇਕ ਪਾਸੇ ਜਿੱਥੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ, ਉੱਥੇ ਹੀ ਅੱਜ ਸੀਬੀਆਈ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਐਫਸੀਆਈ ਦੇ ਗੋਦਾਮਾਂ ਵਿੱਚ ਛਾਪੇਮਾਰੀ ਕੀਤੀ ਹੈ ਅਤੇ ਇਸ ਨਾਲ ਹੀ ਕਈ ਥਾਂਵਾਂ ਤੋਂ ਨਮੂਨੇ ਵੀ ਲਏ ਗਏ ਹਨ। ਸਥਾਨਕ ਜਗਰਾਓਂ ਅਤੇ ਖੰਨਾ ਦੇ ਵਿੱਚ ਨਮੂਨੇ ਭਰਨ ਦੀ ਗੱਲ ਕਹੀ ਜਾ ਰਹੀ ਹੈ ਜਦੋਂਕਿ ਮੋਗਾ ਸਣੇ ਫਿਰੋਜ਼ਪੁਰ ਅਤੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ 9 ਥਾਂਵਾਂ ਤੇ ਐਫਸੀਆਈ ਨੇ ਵੇਅਰਹਾਊਸ ਗੁਦਾਮਾਂ 'ਚ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚੋਂ ਨਮੂਨੇ ਲਏ ਜਾ ਰਹੇ
- ਜਾਣਕਾਰੀ ਮੁਤਾਬਕ ਸਾਲ 2019-20 ਤੇ 2020-21 ਲਈ ਜੋ ਪੰਜਾਬ ਦੇ ਵਿੱਚ ਐਫਸੀਆਈ ਦੇ ਗੁਦਾਮਾਂ 'ਚ ਸਰਕਾਰੀ ਖ਼ਰੀਦ ਕਰਕੇ ਝੋਨਾ ਅਤੇ ਕਣਕ ਰੱਖਿਆ ਗਿਆ ਹੈ। ਉਸ ਦੇ ਨਮੂਨੇ ਲਏ ਜਾ ਰਹੇ ਹਨ।
- ਐਫਸੀਆਈ ਦੀ ਟੀਮ ਵੀ ਸੀਬੀਆਈ ਦੇ ਨਾਲ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੇ ਨਾਲ ਪੈਰਾਮਿਲਟਰੀ ਫੋਰਸ ਵੀ ਨਾਲ ਮੌਜੂਦ ਹੈ। ਖ਼ਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚੋਂ ਇਹ ਨਮੂਨੇ ਲਏ ਜਾ ਰਹੇ ਹਨ।
- ਜ਼ਿਕਰ ਏ ਖਾਸ ਹੈ ਕਿ ਝੋਨੇ ਦੀ ਖਰੀਦ ਦੇ ਦੌਰਾਨ ਬੀਤੇ ਮਹੀਨਿਆਂ 'ਚ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਬਾਹਰਲੇ ਸੂਬਿਆਂ ਤੋਂ ਵੀ ਝੋਨੇ ਦੀ ਖਰੀਦ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਵੀ ਖੜ੍ਹੇ ਹੋਏ ਸਨ ਪਰ ਇਸ ਸੰਬੰਧੀ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
- ਸੀਬੀਆਈ ਦੀ ਲਗਾਤਾਰ ਛਾਪੇਮਾਰੀ ਜਾਰੀ ਹੈ। ਸਾਡੀ ਟੀਮ ਨੇ ਲੁਧਿਆਣਾ ਵਿੱਚ ਸਥਿਤ ਐੱਫਸੀਆਈ ਦਫ਼ਤਰ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਕੋਈ ਵੀ ਸੀਨੀਅਰ ਅਧਿਕਾਰੀ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਵੇਅਰ ਹਾਊਸ ਗੋਦਾਮਾਂ ਦੇ ਵਿੱਚ ਗਏ ਹੋਏ ਨੇ ਜਿਥੇ ਛਾਪੇਮਾਰੀ ਚੱਲ ਰਹੀ ਹੈ।