ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਲੈ ਕੇ ਹਰ ਕੋਈ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਿਹਾ ਹੈ। ਇਸ ਸ਼ਰਧਾ ਦੀ ਹੀ ਮਿਸਾਲ ਲੁਧਿਆਣਾ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਪੇਸ਼ ਕੀਤੀ ਹੈ। ਦੱਸ ਦਈਏ ਕਿ ਅਸ਼ੋਕ ਕੁਮਾਰ ਪੰਜਾਬ ਪੁਲਿਸ 'ਚ ਸੀਨੀਅਰ ਕਾਂਸਟੇਬਲ ਹਨ। ਅਸ਼ੋਕ ਗੁਰ ਨਾਨਕ ਦੇਵ ਜੀ ਦਾ ਦੁਨੀਆਂ ਦਾ ਸਭ ਤੋਂ ਵੱਡਾ ਪੋਰਟਰੇਟ ਬਣਾ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਅਸ਼ੋਕ ਨੇ ਕਿਹਾ ਕਿ ਇਹ ਪੇਂਟਿੰਗ ਜੋ ਉਹ ਬਣਾ ਰਹੇ ਨੇ ਇਹ 18 ਫ਼ੁੱਟ ਉੱਚੀ ਅਤੇ 12 ਫ਼ੁੱਟ ਚੌੜੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਕਲਾ ਦੇ ਨਾਲ ਇੱਕ ਵੱਖਰੀ ਪੈਂਟਿੰਗ ਬਣਾਉਣਾ ਚਾਹੁੰਦੇ ਹਨ।
ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਕਾਂਸਟੇਬਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਡਿਊਟੀ ਖ਼ਤਮ ਹੋਣ ਤੋਂ ਬਾਅਦ ਉਹ ਰਾਤ ਨੂੰ ਜਾ ਕੇ 5-6 ਘੰਟੇ ਲਗਾ ਕੇ ਇਸ ਪੋਰਟਰੇਟ 'ਤੇ ਕੰਮ ਕਰਦਾ ਹਨ। ਉਨਾਂ ਦੱਸਿਆ ਕਿ ਇਸ ਪੋਰਟਰੇਟ 'ਤੇ ਹੁਣ ਤੱਕ 500 ਬ੍ਰਸ਼ ਉਹ ਵਰਤ ਚੁੱਕੇ ਹਨ। ਇਹ ਪੋਰਟਰੇਟ ਥ੍ਰੀ ਡੀ ਇਫੈਕਟ ਦੇ ਨਾਲ ਬਣਾਇਆ ਗਿਆ ਹੈ, ਜਿਸ ਨਾਲ ਕਿਸੇ ਵੀ ਐਂਗਲ ਤੋਂ ਵੇਖਣ ਨਾਲ ਇੰਝ ਲੱਗਦਾ ਹੈ ਕਿ ਗੁਰੂ ਜੀ ਤੁਹਾਡੇ ਵੱਲ ਵੇਖ ਰਹੇ ਹਨ। ਇਸ ਤੋਂ ਪਹਿਲਾਂ ਅਸ਼ੋਕ ਕੁਮਾਰ ਹਰਿਮੰਦਰ ਸਾਹਿਬ ਦੀ ਵੀ ਪੇਂਟਿੰਗ ਬਣਾ ਚੁੱਕੇ ਹਨ। ਇਹ ਪੇਂਟਿੰਗ 51 ਫੁੱਟ ਚੌੜੀ ਅਤੇ 12 ਫੁੱਟ ਉੱਚੀ ਸੀ ਜੋ ਅੱਜ ਵੀ ਗੁਰਦੁਆਰਾ ਆਲਮਗੀਰ ਸਾਹਿਬ 'ਚ ਸੁਸ਼ੋਭਿਤ ਹੈ।
ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਥੇ ਹੀ ਅਸ਼ੋਕ ਕੁਮਾਰ ਨੇ ਗੁਰੂ ਜੀ ਦਾ ਇਨ੍ਹਾਂ ਵੱਡਾ ਪੋਰਟਰੇਟ ਬਣਾ ਕੇ ਉਨ੍ਹਾਂ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਹੈ।