ਲੁਧਿਆਣਾ: ਵਧੀਕ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਕਮਿਸ਼ਨਰ, ਮੋਗਾ ਅਨੀਤਾ ਦਰਸ਼ੀ ਦੀ ਪੁੱਤਰੀ ਮੋਕਸ਼ਾ ਬੈਂਸ ਜੱਜ ਬਣ ਗਈ ਹੈ। ਮਹਿਜ਼ 23 ਵਰ੍ਹਿਆਂ ਦੀ ਮੋਕਸ਼ਾ ਬੈਂਸ ਨੇ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਦੀ ਚੋਣ ਬਤੌਰ ਮੈਟਰੋ ਪੌਲੀਟੀਅਨ ਮੈਜਿਸਟਰੇਟ ਕਲਾਸ-1 ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮੋਕਸ਼ਾ ਬੈਂਸ ਪਹਿਲੀ ਵਾਰ ਹੀ ਇਸ ਪ੍ਰੀਖਿਆ ਵਿੱਚ ਬੈਠੀ ਸੀ ਅਤੇ ਉਸ ਦੀ ਕਾਬਲੀਅਤ ਸਦਕਾ ਸਫ਼ਲਤਾ ਨੇ ਉਸ ਦੇ ਪੈਰ ਚੁੰਮੇ ਹਨ। ਇਹ ਵੀ ਵਰਨਣਯੋਗ ਹੈ ਕਿ ਮੋਕਸ਼ਾ ਦੇ ਪਿਤਾ ਚਮਨ ਬੈਂਸ ਵੀ ਬਿਜਲੀ ਬੋਰਡ ਵਿਚੋਂ ਐੱਸ ਈ ਵਜੋਂ ਸੇਵਾ ਮੁਕਤ ਹੋਏ ਹਨ, ਜਦਕਿ ਮੋਕਸ਼ਾ ਬੈਂਸ ਦੇ ਨਾਨਾ ਏ ਆਰ ਦਰਸ਼ੀ ਵੀ 1970 ਵਿੱਚ ਮੋਗਾ ਦੇ ਐੱਸ ਡੀ ਐੱਮ ਰਹਿ ਚੁੱਕੇ ਹਨ ਤੇ ਇੰਝ ਤੀਜੀ ਪੀੜ੍ਹੀ ਦੀ ਮੋਕਸ਼ਾ ਨੇ ਪਰਿਵਾਰ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਵੱਡੀ ਪ੍ਰਾਪਤੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਹ 12 ਘੰਟੇ ਪੜ੍ਹਾਈ ਕਰਦੀ ਸੀ ਅਤੇ ਇਸ ਪ੍ਰਾਪਤੀ ਵਿੱਚ ਉਸ ਦੇ ਪਰਿਵਾਰ ਦਾ ਵੀ ਵੱਡਾ ਹੱਥ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਆਉਣ ਦੀ ਲੋੜ ਹੈ ਕਿਉਂਕਿ ਦੇਸ਼ ਵਿੱਚ ਲੱਖਾਂ ਕੇਸ ਪੈਡਿੰਗ ਨੇ ਅਤੇ ਲੋਕਾਂ ਨੂੰ ਇਨਸਾਫ਼ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ...
ਉਧਰ ਦੂਜੇ ਪਾਸੇ ਮੋਕਸ਼ਾ ਦੇ ਪਿਤਾ ਬੈਂਸ ਨੇ ਕਿਹਾ ਹੈ ਕਿ ਆਪਣੀ ਬੇਟੀ ਦੀ ਇਸ ਉਪਲੱਬਧੀ ਤੋਂ ਉਹ ਕਾਫੀ ਖੁਸ਼ ਹਨ, ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਬਾਕੀ ਮਾਪਿਆਂ ਨੂੰ ਵੀ ਉਹ ਇਹੀ ਅਪੀਲ ਕਰਨਗੇ ਕਿ ਅੱਜ ਦੀਆਂ ਧੀਆਂ ਕਿਸੇ ਵੀ ਖੇਤਰ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਹੈ।