ਜਲੰਧਰ : ਲੌਕਡਾਊਨ ਖੁੱਲ੍ਹਣ ਤੋਂ ਬਾਅਦ ਬੇਖੌਫ਼ ਅਪਰਾਧੀਆਂ ਵੱਲੋਂ ਲਗਾਤਾਰ ਅਪਰਾਧਕ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲ ਜਲੰਧਰ ਦੇ ਕਸਬਾ ਆਦਮਪੁਰ ਵਿਖੇ ਸਾਹਮਣੇ ਆਇਆ ਹੈ। ਇਥੇ ਪਿੰਡ ਕਾਲਰਾ ਵਿਖੇ ਸਥਿਤ ਯੂਕੋ ਬੈਂਕ 'ਚ ਹਥਿਆਰਬੰਦ ਲੁੱਟੇਰਿਆਂ ਨੇ ਲੱਖਾਂ ਰੁਪਏ ਦੀ ਲੁੱਟ ਨੂੰ ਅੰਜ਼ਾਮ ਦਿੱਤਾ। ਲੁੱਟੇਰਿਆਂ ਨੇ ਬੈਂਕ ਦੇ ਸਰੁੱਖਿਆ ਕਰਮੀ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਸੁਰੱਖਿਆ ਕਰਮੀ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦੁਪਹਿਰ 1:30 ਵਜੇ ਚਾਰ ਹਥਿਆਰਬੰਦ ਲੁੱਟੇਰੇ ਬੈਂਕ ਦੇ ਅੰਦਰ ਗਾਹਕ ਬਣ ਦਾਖਲ ਹੋਏ। ਇਨ੍ਹਾਂ ਚਾਰਾਂ ਲੁੱਟੇਰਿਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਇਨ੍ਹਾਂ ਚੋਂ ਦੋ ਲੁੱਟੇਰਿਆਂ ਨੇ ਕੈਸ਼ ਕਾਊਂਟਰ 'ਤੇ ਜਾ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ 'ਤੇ ਜਦ ਸੁਰੱਖਿਆ ਕਰਮੀ ਸੁਰਿੰਦਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ, ਇਸ ਦੌਰਾਨ ਲੁੱਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਬੈਂਕ ਦੇ ਹੋਰਨਾਂ ਮੁਲਾਜ਼ਮਾਂ ਨੂੰ ਹਥਿਆਰ ਤੇ ਗੋਲੀਆਂ ਚਲਾ ਕੇ ਡਰਾ ਦਿੱਤਾ ਤੇ ਕੈਸ਼ੀਅਰ ਕੋਲੋਂ 6 ਲੱਖ ਰੁਪਏ ਨਗਦੀ ਲੁੱਟ ਕੇ ਫਰਾਰ ਹੋ ਗਏ। ਬੈਂਕ ਮੁਲਾਜ਼ਮਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ ਤੇ ਡੀਐਸਪੀ ਹਰਿੰਦਰ ਮਾਨ ਮੌਕੇ 'ਤੇ ਪੁਲਿਸ ਟੀਮ ਨਾਲ ਪੁੱਜੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਦਮਪੁਰ ਦੇ ਡੀਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਡੇਢ ਵਜੇ ਦੇ ਕਰੀਬ ਚਾਰ ਲੁਟੇਰੇ ਬੈਂਕ ਵਿਚ ਦਾਖਲ ਹੋਏ। ਪਹਿਲਾਂ ਉਨ੍ਹਾਂ ਬੈਂਕ ਦੇ ਸੁਰੱਖਿਆ ਕਰਮੀ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਦੇ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸੁਰੱਖਿਆ ਕਰਮੀ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਡਰੋਲੀ ਕਲਾਂ ਵਜੋੋਂ ਹੋਈ ਹੈ। ਪੁਲਿਸ ਵੱਲੋਂ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਫੁੱਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਜਲਦ ਹੀ ਲੁੱਟੇਰਿਆਂ ਦੀ ਪਛਾਣ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।