ਜਲੰਧਰ: ਫਿਲੌਰ ਪੁਲਿਸ ਨੇ ਸਤਲੂਜ ਦਰਿਆ ਨੇੜੇ ਦੋ ਲੋਕਾਂ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਬਜ਼ਾਰ 'ਚ ਵੱਧ ਕੀਮਤ 'ਤੇ ਵੇਚਦੇ ਸਨ।
ਇਸ ਬਾਰੇ ਦੱਸਦੇ ਹੋਏ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਤੜਕੇ 3 ਵਜੇ ਖ਼ਬਰੀ ਤੋਂ ਗੁਪਤ ਸੂਚਨਾ ਮਿਲੀ ਸੀ, ਕਿ ਕੁੱਝ ਲੋਕ ਸਤਲੂਜ ਦਰਿਆ ਕੰਢੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਸ ਦੌਰਾਨ ਉਹ ਇੱਕ ਟਰਾਲੀ ਰੇਤ ਲੈ ਗਏ ਹਨ।
ਸੂਚਨਾ ਮਿਲਦੇ ਹੀ ਫਿਲੌਰ ਪੁਲਿਸ ਦੀ ਟੀਮ ਨੇ ਨਾਕੇਬੰਦੀ ਕਰ ਟਰਾਲੀ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਕਰਵਾਉਣ ਵਾਲੇ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਮੌਕੇ 'ਤੇ ਇੱਕ ਰੇਤ ਨਾਲ ਭਰੀ ਟਰੈਕਟਰ ਟਰਾਲੀ ਤੇ ਮਸ਼ੀਨ ਬਰਾਮਦ ਕੀਤੀ ਹੈ।
ਐਸਐਚਓ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਪਛਾਣ ਡਰਾਈਵਰ ਮਨਿੰਦਰ ਕੁਮਾਰ ਤੇ ਲਖਵਿੰਦਰ ਕੁਮਾਰ ਉਰਫ਼ ਲੱਖੂ ਵਾਸੀ ਮੁਹੱਲਾ ਕਾਜੀਆਂ ਵਜੋਂ ਹੋਈ ਹੈ। ਇਹ ਮੁਲਜ਼ਮ ਸਤਲੂਜ ਦਰਿਆਂ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਬਜ਼ਾਰ 'ਚ ਵੱਧ ਕੀਮਤ 'ਤੇ ਵੇਚਦੇ ਸਨ। ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।