ਜਲੰਧਰ: ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਬੀਤੇ 9 ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ। ਇਸ ਦੌਰਾਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨਿਆਂ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਾਹਤ ਦੇਣ ਲਈ ਕਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਾਸਨ ਨੇ ਲੋਕਾਂ ਦੀ ਸੁਵਿਧਾ ਲਈ 2 ਵਜੇ ਤੱਕ ਬੈਂਕਾਂ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਦਵਾਈਆਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੋਮਵਾਰ ਨੂੰ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਸੁਨੇਹਾ ਦੇਣ ਲਈ ਆਪਣਾ ਇੱਕ ਮੈਸੇਜ ਰਿਕਾਰਡ ਕਰਕੇ ਭੇਜਿਆ। ਉਨ੍ਹਾਂ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਕਿ ਲੋਕ ਬੈਂਕਾਂ ਵਿੱਚ ਆਪਣੇ ਕੰਮ ਲਈ ਬਾਹਰ ਆ ਸਕਦੇ ਹਨ ਪਰ ਇਸ ਦੇ ਲਈ ਉਹ ਕਿਸੇ ਗੱਡੀ ਦਾ ਜਾਂ ਮੋਟਰਸਾਈਕਲ, ਸਕੂਟਰ ਦਾ ਇਸਤੇਮਾਲ ਨਹੀਂ ਕਰ ਸਕਦੇ।
ਇਸ ਤੋਂ ਇਲਾਵਾ ਇੱਕ ਪਰਿਵਾਰ ਦਾ ਸਿਰਫ ਇੱਕ ਵਿਅਕਤੀ ਹੀ ਬਾਹਰ ਜਾ ਸਕਦਾ ਹੈ। ਇਸ ਤੋਂ ਬਾਅਦ ਵੀ ਲੋਕ ਨਿਯਮਾਂ ਨੂੰ ਤਾਕ 'ਤੇ ਰੱਖ ਦੇ ਹੋਏ ਆਪਣੀਆਂ ਕਾਰਾਂ ਅਤੇ ਮੋਟਰ ਸਾਈਕਲ, ਸਕੂਟਰਾਂ ਦਾ ਇਸਤੇਮਾਲ ਕਰ ਰਹੇ ਹਨ। ਪੁਲਿਸ ਦੇ ਕੁੱਝ ਜਵਾਨ ਇਨ੍ਹਾਂ ਥਾਵਾਂ 'ਤੇ ਖੜ੍ਹੇ ਹਨ ਪਰ ਉਹ ਵੀ ਲੋਕਾਂ ਨੂੰ ਸਮਝਾਉਣ ਵਿੱਚ ਅਸਮਰਥ ਨਜ਼ਰ ਆ ਰਹੇ ਹਨ।
ਇਸ ਹਾਲਾਤ ਵਿੱਚ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਜੇ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਨਿਰਦੇਸ਼ ਦੇ ਰਿਹਾ ਹੈ ਤਾਂ ਜਨਤਾ ਨੂੰ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।