ਜਲੰਧਰ: ਵਰਿਆਣਾ ਪਿੰਡ ਦੀ ਰਹਿਣ ਵਾਲੀ ਨਰਿੰਦਰ ਕੌਰ ਇੱਕ ਸ਼ਹੀਦ ਫ਼ੌਜੀ ਕਮਲਜੀਤ ਸਿੰਘ ਦੀ ਪਤਨੀ ਹੈ। 'ਵੀਰ ਨਾਰੀ' ਦੇ ਪਤੀ ਨੇ ਸਾਲ 1998 ਵਿੱਚ ਅਸਾਮ ਇਲਾਕੇ ਵਿੱਚ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਪਤੀ ਦੀਆਂ ਉਸ ਵੇਲੇ ਦੀਆਂ ਯਾਦਾਂ, ਉਨ੍ਹਾਂ ਦੀਆਂ ਤਸਵੀਰਾਂ, ਜਿਸ ਵਿੱਚ ਪਤੀ ਨੂੰ ਸ਼ਹੀਦ ਹੋਣ 'ਤੇ ਭਾਰਤੀ ਫੌਜ ਵੱਲੋਂ ਸਲਾਮੀ ਦਿੱਤੀ ਗਈ ਸੀ ਅਤੇ ਆਪਣੇ ਪਤੀ ਨੂੰ ਫੌਜ ਵੱਲੋਂ ਦਿਤੇ ਗਏ ਮੈਡਲ ਅੱਜ ਵੀ ਨਰਿੰਦਰ ਕੌਰ ਨੇ ਸਾਂਭ ਕੇ ਰੱਖੇ ਹੋਏ ਹਨ।
ਪਤੀ ਦੀ ਸ਼ਹਾਦਤ ਦੇ ਸਮੇ ਨਰਿੰਦਰ ਕੌਰ ਨੂੰ ਉਹ ਹੀ ਸਨਮਾਨ ਦਿੱਤਾ ਗਿਆ ਜੋ ਹਰ ਉਸ ਫੌਜੀ ਦੀ ਵਿਧਵਾ ਨੂੰ ਦਿੱਤਾ ਜਾਂਦਾ ਹੈ, ਜਿਸਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ, ਪਰ ਅੱਜ ਨਰਿੰਦਰ ਕੌਰ ਦੇ ਹਾਲਾਤ ਦੇਖ ਹਰ ਉਸ ਇਨਸਾਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਨਰਿੰਦਰ ਕੌਰ ਅੱਜ ਉਸੇ ਮਕਾਨ ਵਿੱਚ ਕਿਰਾਏ 'ਤੇ ਰਹਿੰਦੀ ਹੈ ਜੋ ਕਦੇ ਉਸ ਨੇ ਅਤੇ ਉਸ ਦੇ ਸ਼ਹੀਦ ਪਤੀ ਨੇ ਆਪਣੇ ਲਈ ਖਰੀਦਿਆ ਸੀ। ਇਹੀ ਨਹੀਂ ਉਸਦੇ ਹਾਲਾਤ ਇਹ ਹੋ ਚੁਕੇ ਹਨ ਕਿ ਉਹ ਅੱਜ ਕੂੜੇ ਵਿਚੋਂ ਕਬਾੜ ਵੇਚਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ।
ਨਰਿੰਦਰ ਕੌਰ ਦੱਸਦੀ ਹੈ ਕਿ ਪਤੀ ਦੀ ਸ਼ਹਾਦਤ ਤੋਂ ਬਾਅਦ ਉਸ ਨੂੰ ਜੋ ਪੈਸੇ ਮਿਲੇ ਸੀ ਉਹ ਉਸ ਨੇ ਆਪਣੇ ਬੇਟੇ ਦੀ ਪੜਾਈ ਉੱਤੇ ਖਰਚ ਕਰ ਦਿੱਤੇ। ਜੋ ਮਕਾਨ ਉਸ ਨੇ ਅਤੇ ਉਸ ਦੇ ਪਤੀ ਨੇ ਖਰੀਦਿਆ ਸੀ, ਪਤੀ ਦੀ ਮੌਤ ਤੋਂ ਬਾਅਦ ਉਸਦੀ ਰਜਿਸਟਰੀ ਨਾ ਹੋਣ ਕਾਰਨ ਉਸ ਨੂੰ ਵੇਚਣਾ ਪੈ ਗਿਆ ਅਤੇ ਅੱਜ ਉਹ ਉਸੇ ਮਕਾਨ ਵਿੱਚ ਕਿਰਾਏ 'ਤੇ ਰਹਿ ਰਹੀ ਹੈ।
ਨਰਿੰਦਰ ਕੌਰ ਦੱਸਦੀ ਹੈ ਕਿ ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ ਲਿਆ ਤਾਂ ਜੋਂ ਉਸ ਦਾ ਪੁੱਤਰ ਵਿਦੇਸ਼ ਜਾ ਸਕੇ ਤੇ ਉੱਥੇ ਕੁਝ ਕੰਮਕਾਰ ਕਰਕੇ ਘਰ ਦੇ ਹਾਲਾਤ ਠੀਕ ਕਰ ਸਕੇ, ਪਰ ਪਿਛਲੇ ਇੱਕ ਸਾਲ ਤੋਂ 'ਵੀਰ ਨਾਰੀ' ਦਾ ਪੁੱਤਰ ਵਿਦੇਸ਼ ਵਿੱਚ ਫਸਿਆ ਹੋਇਆ ਹੈ ਅਤੇ ਕੋਰੋਨਾ ਕਰਕੇ ਉੱਥੇ ਉਸ ਦਾ ਕਮਕਾਰ ਵੀ ਬੰਦ ਹੋ ਗਿਆ ਹੈ। ਹਾਲਾਤ ਇਹ ਹਨ ਕਿ ਨਾ ਤਾਂ ਉਸਦਾ ਪੁੱਤਰ ਉੱਥੇ ਕੋਈ ਕੰਮ ਕਰ ਪਾ ਰਿਹਾ ਹੈ ਅਤੇ ਨਾ ਹੀ ਵਾਪਿਸ ਆ ਪਾ ਰਿਹਾ ਹੈ।
ਇਹੀ ਕਾਰਨ ਹੈ ਕਿ ਅੱਜ ਉਸ ਨੂੰ ਕੂੜਾ ਕਬਾੜ ਇਕੱਠਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਨਰਿੰਦਰ ਕੌਰ ਸਰਕਾਰ ਅੱਗੇ ਮੰਗ ਕਰ ਰਹੀ ਹੈ ਕਿ ਉਸ ਦੀ ਕੁੱਝ ਮਦਦ ਕੀਤੀ ਜਾਵੇ।