ਜਲੰਧਰ: ਜਲੰਧਰ ਛਾਉਣੀ ਲਾਲ ਲੱਗਦਾ ਪਿੰਡ ਸੰਸਾਰਪੁਰ ਇਕ ਐਸਾ ਪਿੰਡ ਹੈ ਜਿੱਥੋਂ ਦੇ 14 ਹਾਕੀ ਖਿਡਾਰੀ ਓਲੰਪੀਅਨ ਰਹਿ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਇਹ ਸਾਰੇ ਖਿਡਾਰੀ ਇੱਕ ਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਹਾਲਾਂਕਿ ਅੱਜ ਇਨ੍ਹਾਂ ਦੇ ਪਰਿਵਾਰ ਪਿੰਡ ਤੋਂ ਬਾਹਰ ਸ਼ਹਿਰਾਂ ਵਿੱਚ ਵੱਸ ਗਏ ਹਨ ਜਾਂ ਫਿਰ ਵਿਦੇਸ਼ਾਂ ਵਿੱਚ ਜਾ ਕੇ ਵਸ ਚੁੱਕੇ ਹਨ, ਪਰ ਇਹ ਪਿੰਡ ਅੱਜ ਵੀ ਦੁਨੀਆਂ ਦੇ ਹਾਕੀ ਖਿਡਾਰੀਆਂ ਲਈ ਇੱਕ ਵੱਡੀ ਪਛਾਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਪਿੰਡ ਵਿੱਚੋਂ ਕਰਨਲ ਗੁਰਮੀਤ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ, ਬਲਬੀਰ ਸਿੰਘ, ਕਰਨਲ ਬਲਬੀਰ ਸਿੰਘ, ਜਗਜੀਤ ਸਿੰਘ, ਡਾ. ਅਜੀਤਪਾਲ ਸਿੰਘ, ਗੁਰਜੀਤ ਸਿੰਘ, ਤਰਸੇਮ ਸਿੰਘ, ਹਰਦਿਆਲ ਸਿੰਘ, ਡਾ. ਹਰਦੇਵ ਸਿੰਘ, ਜਗਜੀਤ ਸਿੰਘ ਬਿੰਦੀ ਕੁਲਾਰ ਐਸੇ ਖਿਡਾਰੀ ਹਨ, ਜਿਨ੍ਹਾਂ ਨੇ ਇਸ ਪਿੰਡ ਦੇ ਨਾਲ ਨਾਲ ਪੰਜਾਬ ਸਮੇਤ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ।
ਜਿੰਨੇ ਮੈਡਲ ਖਿਡਾਰੀਆਂ ਨੇ ਇਸ ਪਿੰਡ ਵਿੱਚ ਲਏ ਉਹ ਸ਼ਾਇਦ ਆਪਣੇ ਆਪ ਵਿੱਚ ਇੱਕ ਵਰਲਡ ਰਿਕਾਰਡ ਹੈ: ਪਿੰਡ ਦੇ ਇਤਿਹਾਸ ਤੇ ਪੀਐੱਚਡੀ ਕਰਨ ਵਾਲੇ ਬਜ਼ੁਰਗ ਭੁਪਿੰਦਰ ਸਿੰਘ ਭਿੰਦਾ ਮੁਤਾਬਕ ਇਸ ਪਿੰਡ ਦੇ ਇਕੱਲੇ ਕੁਲਾਰ ਪਰਿਵਾਰ ਵਿੱਚੋਂ ਹੀ ਸਾਰੇ ਓਲੰਪੀਅਨ ਖੇਡੇ ਹਨ। ਉਨ੍ਹਾਂ ਮੁਤਾਬਕ ਇਸ ਪਿੰਡ ਵਿੱਚ ਇੱਕ ਪੁਰਾਣੀ ਹਾਕੀ ਦੀ ਗਰਾਊਂਡ ਹੈ ਜੋ ਅੰਗਰੇਜ਼ਾਂ ਵੇਲੇ ਦਾ ਹੈ, ਅੱਜ ਇਸ ਗਰਾਊਂਡ ਵਿੱਚ ਸੈਨਾ ਦੇ ਜਵਾਨ ਫੁਟਬਾਲ ਜਾਂ ਹਾਕੀ ਖੇਡਦੇ ਹੋਏ ਨਜ਼ਰ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਵਿੱਚੋਂ ਹੁਣ ਤਕ 306 ਖਿਡਾਰੀ ਹਾਕੀ ਖੇਡ ਚੁੱਕੇ ਹਨ, ਜਿਨ੍ਹਾਂ ਵਿੱਚੋਂ 14 ਓਲੰਪਿਕ ਖਿਡਾਰੀ, 19 ਅੰਤਰਰਾਸ਼ਟਰੀ ਖਿਡਾਰੀ ਅਤੇ 120 ਨੈਸ਼ਨਲ ਖਿਡਾਰੀ ਸ਼ਾਮਲ ਹਨ। ਉਨ੍ਹਾਂ ਮੁਤਾਬਕ ਇਹ ਇੱਕ ਵਰਲਡ ਰਿਕਾਰਡ ਹੀ ਹੋ ਸਕਦਾ ਹੈ, ਕਿ ਇਕ ਪਿੰਡ ਵਿਚੋਂ ਇੰਨੇ ਖਿਡਾਰੀ ਹਾਕੀ ਖੇਡੇ ਹੋਣ। ਅੱਜ ਇਸ ਪਿੰਡ ਦੇ ਜਿੰਨੇ ਵੀ ਓਲੰਪੀਅਨ ਹਨ ਉਹ ਪਿੰਡ ਦੀ ਇੱਕੋ ਗਲੀ ਦੇ ਰਹਿਣ ਵਾਲੇ ਹਨ। ਇਹੀ ਕਾਰਨ ਹੈ ਕਿ ਅੱਜ ਪਿੰਡ ਦੇ ਲੋਕ ਚਾਹੁੰਦੇ ਹਨ ਕਿ ਉਸ ਗਲੀ ਨੂੰ ਓਲੰਪੀਅਨ ਹੈਰੀਟੇਜ ਸਟਰੀਟ ਦੇ ਨਾਮ ਤੋਂ ਨਵਾਜਿਆ ਜਾਏ ਤਾਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇਸ ਪਿੰਡ ਦੇ ਇਤਿਹਾਸ ਬਾਰੇ ਇਸ ਗਲੀ ਅਤੇ ਘਰਾਂ ਨੂੰ ਦੇਖ ਕੇ ਇੱਥੇ ਦੇ ਇਤਿਹਾਸ ਨਾਲ ਜਾਣੂ ਹੋ ਸਕਣ। ਕਿਉਂਕਿ ਇਨ੍ਹਾਂ ਖਿਡਾਰੀਆਂ ਵਿੱਚੋਂ ਹੀ ਪੰਜ ਅਰਜੁਨ ਐਵਾਰਡੀ, 2 ਪਦਮਸ਼੍ਰੀ ਖਿਡਾਰੀ ਹਨ।
ਬਜ਼ੁਰਗ ਨੇ ਦੱਸਿਆ ਕਿ ਇਸ ਪਿੰਡ ਦੇ ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ਵਿੱਚ 15 ਮੈਡਲ ਜਿੱਤੇ ਹਨ ਜਿਨ੍ਹਾਂ ਵਿੱਚੋਂ ਅੱਠ ਗੋਲਡ, ਇਕ ਸਿਲਵਰ ਅਤੇ 6 ਕਾਂਸੀ ਮੈਡਲ ਸ਼ਾਮਲ ਹਨ। ਇਸ ਤੋਂ ਬਾਅਦ ਦੂਸਰਾ ਨੰਬਰ ਜਲੰਧਰ ਦੇ ਮਿੱਠਾਪੁਰ ਦਾ ਆਉਂਦਾ ਹੈ ਅਤੇ ਤੀਸਰਾ ਖੁਸਰੋਪੁਰ ਦਾ ਆਉਂਦਾ ਹੈ, ਜਿੱਥੋਂ ਦੇ ਖਿਡਾਰੀਆਂ ਨੇ ਵੀ ਮੱਲਾਂ ਮਾਰੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਹੈਰਾਨੀਜਨਕ ਗੱਲ ਹੀ ਹੈ ਕਿ ਅੱਜ ਦੁਨੀਆਂ ਵਿੱਚ ਵੱਡੇ ਵੱਡੇ ਸਟੇਡੀਅਮ ਬਣ ਰਹੇ ਹਨ, ਪਰ ਸੰਸਾਰਪੁਰ ਦੀ ਇਸ ਧਰਤੀ ਤੋਂ ਹੀ ਓਲੰਪਿਕ ਖਿਡਾਰੀਆਂ ਨੇ ਸਿੱਖਿਆ ਲਈ ਸੀ, ਕਿਸੇ ਸਟੇਡੀਅਮ ਤੋਂ ਨਹੀਂ।
ਅੱਜ ਪਿੰਡ ਵਿੱਚ ਬਿਨਾਂ ਕੋਚ ਤੋਂ ਪ੍ਰੈਕਟਿਸ ਕਰਦੇ ਨੇ ਬੱਚੇ: ਅੱਜ ਸੰਸਾਰਪੁਰ ਪਿੰਡ ਵਿੱਚ ਅੰਗਰੇਜ਼ਾਂ ਦੇ ਸਮੇਂ ਦਾ ਜੋ ਪੁਰਾਣਾ ਗਰਾਊਂਡ ਹੈ ਉਸ ਵਿੱਚ ਫੌਜ ਦੇ ਜਵਾਨ ਇਸ ਖੇਡ ਦੀ ਪ੍ਰੈਕਟਿਸ ਕਰਦੇ ਹਨ, ਜਦਕਿ ਬੱਚਿਆਂ ਲਈ ਹਾਕੀ ਖੇਡਣ ਵਾਸਤੇ ਇੱਕ ਸਿਕਸ ਏ ਸਾਈਡ ਐਸਟ੍ਰੋਟਰਫ ਗਰਾਊਂਡ ਹੈ। ਬੱਚਿਆਂ ਦੇ ਮੁਤਾਬਕ ਇਸ ਪਿੰਡ ਵਿੱਚ ਕਿਸੇ ਸਮੇਂ 150 ਤੋਂ ਜ਼ਿਆਦਾ ਬੱਚੇ ਹਾਕੀ ਖੇਡਦੇ ਹੁੰਦੇ ਸੀ, ਪਰ ਅੱਜ ਇਨ੍ਹਾਂ ਦੀ ਗਿਣਤੀ ਸਿਰਫ਼ 50 ਦੇ ਲਾਗੇ ਹੀ ਰਹਿ ਗਈ (children playing hockey without coach) ਹੈ।
ਖੇਡਣ ਵਾਲੇ ਬੱਚਿਆਂ ਨੇ ਦੱਸਿਆ ਕਿ ਪਿੰਡ ਵਿੱਚ ਇਸ ਸਾਲ ਜੂਨ ਮਹੀਨੇ ਤੋਂ ਬਾਅਦ ਕੋਈ ਵੀ ਹਾਕੀ ਦਾ ਕੋਚ (children playing hockey without coach) ਨਹੀਂ ਆਇਆ ਜਿਸ ਕਰਕੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਹਾਕੀ ਖਡਾਉਣ ਤੋਂ ਹਟਾ ਲਿਆ। ਪਿੰਡ ਦੇ ਬੱਚਿਆਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਇਕ ਕੋਚ ਮੁਹੱਈਆ ਕਰਵਾਏ ਅਤੇ ਇਸ ਦੇ ਨਾਲ ਹੀ ਵਧੀਆ ਡਾਈਟ ਵੀ ਦੇਵੇ ਤਾਂ ਕਿ ਉਹ ਹਾਕੀ ਸਿੱਖ ਕੇ ਆਉਣ ਵਾਲੇ ਸਮੇਂ ਵਿੱਚ ਦੇਸ਼ ਲਈ ਹਾਕੀ ਖੇਡ ਸਕਣ। ਇਨ੍ਹਾਂ ਬੱਚਿਆਂ ਵੱਲੋਂ ਪਿੰਡ ਵਿੱਚ ਇੱਕ ਵੱਡਾ ਹਾਕੀ ਦਾ ਗਰਾਊਂਡ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ। ਬੱਚੇ ਕਹਿੰਦੇ ਨੇ ਕਿ ਜ਼ਿਆਦਾ ਗਿਣਤੀ ਵਿੱਚ ਬੱਚਿਆਂ ਦੇ ਪ੍ਰੈਕਟਿਸ ਕਰਨ ਲਈ ਜੋ ਗਰਾਊਂਡ ਇਸ ਵੇਲੇ ਪਿੰਡ ਵਿੱਚ ਹੈ ਉਹ ਬਹੁਤ ਹੀ ਛੋਟਾ ਹੈ।
ਪਿੰਡ ਲਈ ਸਭ ਤੋਂ ਵਿਡੰਬਨਾ ਦੀ ਗੱਲ ਇਹ ਹੈ ਕਿ ਇਸ ਇਲਾਕੇ ਤੋਂ ਦੋ ਵਾਰ ਵਿਧਾਇਕ ਅਤੇ ਇਕ ਵਾਰ ਕਾਂਗਰਸੀ ਸਪੋਰਟਸ ਮੰਤਰੀ ਪਰਗਟ ਸਿੰਘ ਖ਼ੁਦ ਹਾਕੀ ਓਲੰਪੀਅਨ ਹਨ, ਇਹੀ ਨਹੀਂ ਇਸ ਵੇਲੇ ਇਸ ਇਲਾਕੇ ਤੋਂ ਚੋਣਾਂ ਲੜ ਚੁੱਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਈ ਜੀ ਸੁਰਿੰਦਰ ਸਿੰਘ ਸੋਢੀ ਵੀ ਹਾਕੀ ਓਲੰਪੀਅਨ ਰਹਿ ਚੁੱਕੇ ਹਨ, ਪਰ ਬਾਵਜੂਦ ਇਸ ਦੇ ਸਰਕਾਰਾਂ ਵੱਲੋਂ ਪੂਰੀ ਦੁਨੀਆਂ ਵਿੱਚ ਹਾਕੀ ਲਈ ਜਾਣਿਆ ਜਾਂਦਾ ਇਹ ਇਤਿਹਾਸਿਕ ਪਿੰਡ ਅੱਜ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਲੋੜ ਹੈ ਸਰਕਾਰਾਂ ਨੂੰ ਆਪਣੀਆਂ ਇਹੋ ਜਿਹਾ ਧਰੋਹਰਾਂ ਦੇ ਵੱਲ ਖਾਸ ਧਿਆਨ ਦੇਣ ਦੀ ਜਿਨ੍ਹਾਂ ਦਾ ਨਾਮ ਪੂਰੀ ਦੁਨੀਆ ਵਿਚ ਬੜੇ ਹੀ ਇੱਜ਼ਤ ਮਾਣ ਨਾਲ ਲਿਆ ਜਾਂਦਾ ਹੈ।
ਇਹ ਵੀ ਪੜੋ: Love Horoscope,ਇਨ੍ਹਾਂ ਰਾਸ਼ੀ ਵਾਲੇ ਵਿਅਕਤੀਆਂ ਨੂੰ ਰਹਿਣਾ ਹੋਵੇਗਾ ਸਾਵਧਾਨ, ਪੜ੍ਹੋ ਅੱਜ ਦਾ ਲਵ ਰਾਸ਼ੀਫ਼ਲ