ਜਲੰਧਰ: ਸ਼ਹਿਰ ਦੇ ਸਿਵਲ ਹਸਪਤਾਲ ਦੀ ਇੱਕ ਭੰਗੜੇ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ਦੀ ਹੈ, ਜਿਥੇ ਵਾਰਡ 'ਚ ਲੱਗੀ ਐਲਈਡੀ 'ਚ ਅਚਾਨਕ ਗੀਤ ਵਜਣ ਲੱਗ ਗਿਆ। ਇਸ ਦੌਰਾਨ ਗਾਣੇ ਦੇ ਬੋਲ ਸੁਣਦੇ ਹੀ ਵਾਰਡ 'ਚ ਜਿੰਨੇ ਵੀ ਕੋਰੋਨਾ ਮਰੀਜ਼ ਸਨ ਉਹ ਭੰਗੜਾ ਪਾਉਣ ਲੱਗ ਗਏ।
ਇਹ ਇੱਕ ਅਜਿਹਾ ਨਜ਼ਾਰਾ ਸੀ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਕਿਉਂਕਿ ਆਮ ਤੌਰ 'ਤੇ ਹੁਣ ਤੱਕ ਕੋਰੋਨਾ ਦੀ ਦਹਿਸ਼ਤ ਨੂੰ ਲੈ ਕੇ ਹਸਪਤਾਲ 'ਚੋਂ ਮਰੀਜ਼ਾ ਨੂੰ ਭੱਜਦੇ ਹੋਏ ਹੀ ਦੇਖਿਆ ਗਿਆ ਹੈ। ਹਸਪਤਾਲ ਦੇ ਵਾਰਡ ਵਿੱਚ ਮਰੀਜ਼ਾਂ ਅਤੇ ਕਰਮਚਾਰੀਆਂ ਦਾ ਇਸ ਤਰ੍ਹਾਂ ਭੰਗੜੇ ਪਾਉਣਾ ਨਾ ਸਿਰਫ ਉਨ੍ਹਾਂ ਲਈ ਬਲਕਿ ਉਨ੍ਹਾਂ ਦੇ ਨਜ਼ਦੀਕੀਆਂ ਲਈ ਵੀ ਇੱਕ ਸਕੂਨ ਦੀ ਖਬਰ ਹੈ।
ਜ਼ਿਕਰਯੋਗ ਹੈ ਕਿ ਜਲੰਧਰ 'ਚ ਅੱਜ ਕੋਰੋਨਾ ਦੇ 6 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 5 ਮਾਮਲੇ ਜਲੰਧਰ ਦੀ ਇੱਕ ਵੱਡੀ ਅਖਬਾਰ ਦੇ ਡੈਸਕ 'ਤੇ ਕੰਮ ਕਰਨ ਵਾਲੇ ਕਰਮਚਾਰੀ ਹਨ। ਜ਼ਿਕਰਯੋਗ ਹੈ ਕਿ ਇਸ ਅਖ਼ਬਾਰ ਦੇ ਇੱਕ ਕਰਮਚਾਰੀ ਦਾ ਕੁੱਝ ਦਿਨ ਪਹਿਲਾਂ ਹੀ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ। ਜਲੰਧਰ 'ਚ ਹੁਣ ਤੱਕ ਕੋਰੋਨਾ ਮਰੀਜ਼ਾ ਦੀ ਗਿਣਤੀ 41 ਹੋ ਗਈ ਹੈ।