ਅੰਮ੍ਰਿਤਸਰ: ਸਿੱਖ ਪੰਥ ਦੇ ਪਹਿਲੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਤੋਂ ਸਿੱਖ ਸੰਗਤਾਂ ਦਾ ਜਥਾ ਪ੍ਰਕਾਸ਼ ਪੁਰਬ ਮਨਾਉਣ ਲਈ ਹਰ ਸਾਲ ਪਾਕਿਸਤਾਨ ਜਾਂਦਾ ਹੈ ਅਤੇ ਇਸ ਨੂੰ ਮਨਾ ਕੇ ਵਾਪਸ ਆਉਂਦਾ ਹੈ। ਇਸ ਲੜੀ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਢਾਈ ਹਜ਼ਾਰ ਦੇ ਕਰੀਬ ਪਾਸਪੋਰਟ ਭੇਜੇ ਗਏ ਸਨ ਜਿਨਾਂ ਵਿੱਚੋਂ ਸਿਰਫ 800 ਦੇ ਕਰੀਬ ਵੀਜ਼ੇ ਲੱਗ ਕੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਪਹੁੰਚ ਚੁੱਕੇ ਹਨ।
ਸੰਗਤ ਦੇ ਮਨ ਨੂੰ ਠੇਸ
ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚੋਂ ਇਹ ਪਾਸਪੋਰਟ ਸੰਗਤਾਂ ਨੂੰ ਦਿੱਤੇ ਗਏ। ਜਿੱਥੇ ਇੱਕ ਪਾਸੇ ਵੀਜ਼ਾ ਲੱਗਣ ਮਗਰੋਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਉੱਥੇ ਹੀ ਜਿਨ੍ਹਾਂ ਦੇ ਵੀਜੇ ਨਹੀਂ ਲੱਗੇ ਉਹਨਾਂ ਦੇ ਮਨਾਂ ਨੂੰ ਠੇਸ ਵੀ ਲੱਗੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਅੱਜ ਪਾਕਿਸਤਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਹਿਲਾਂ ਹੀ ਐੱਸਜੀਪੀਸੀ ਨੂੰ ਸੂਚਿਤ ਕਰਨ ਕਿ ਕਿੰਨੇ ਲੋਕਾਂ ਦਾ ਵੀਜ਼ਾ ਪਾਕਿਸਤਾਨ ਜਾਣ ਲਈ ਮਨਜ਼ੂਰ ਹੋ ਸਕਦਾ ਹੈ। ਇਸ ਤਰ੍ਹਾਂ ਸੰਗਤਾਂ ਦਾ ਵੀਜ਼ਾ ਵਾਪਸ ਕਰਨ ਨਾਲ ਸਭ ਦੇ ਮਨ ਨੂੰ ਠੇਸ ਪਹੁੰਚਦੀ ਹੈ।
ਪਾਕਿਸਤਾਨ ਸਰਕਾਰ ਨੂੰ ਅਪੀਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 2500 ਦੇ ਕਰੀਬ ਪਾਸਪੋਰਟ ਪਾਕਿਸਤਾਨ ਅੰਬੈਸੀ ਨੂੰ ਭੇਜੇ ਗਏ ਸਨ ਪਰ 800 ਦੇ ਕਰੀਬ ਹੀ ਵੀਜ਼ੇ ਉਹਨਾਂ ਨੂੰ ਪ੍ਰਾਪਤ ਹੋਏ ਹਨ। ਜਿਸ ਨਾਲ ਪਾਕਿਸਤਾਨ ਦੇ ਵੀਜ਼ੇ ਨਾ ਮਿਲਣ ਵਾਲੀਆਂ ਸੰਗਤਾਂ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਹੈ। ਉਹਨਾਂ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਹਮੇਸ਼ਾ ਹੀ ਸਿੱਖ ਕੌਮ ਆਪਣੀ ਅਰਦਾਸ ਵਿੱਚ ਵਿਛੜੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਹੈ ਅਤੇ ਜਦੋਂ ਉਹ ਪੂਰਨ ਨਹੀਂ ਹੁੰਦੀ ਤਾਂ ਲੋਕਾਂ ਦੇ ਵਿੱਚ ਜਰੂਰ ਕਿਤੇ ਨਾ ਕਿਤੇ ਰੋਸ ਪਾਇਆ ਜਾਂਦਾ ਹੈ।
14 ਨੂੰ ਰਵਾਨਗੀ 23 ਨੂੰ ਵਾਪਸੀ
ਉਹਨਾਂ ਕਿਹਾ ਕਿ ਇਹ ਜਥਾ 14 ਨਵੰਬਰ ਨੂੰ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਰਵਾਨਾ ਹੋਵੇਗਾ ਅਤੇ 23 ਤਰੀਕ ਨੂੰ ਇਹ ਜੱਥਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਤੋਂ ਬਾਅਦ ਪਾਕਿਸਤਾਨ ਵਿੱਚ ਸਥਿਤ ਕਈ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਮੁੜ ਭਾਰਤ ਪਰਤੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪੈਸ਼ਲ ਬੱਸਾਂ ਵੀ ਵਾਹਘਾ ਸਰਹੱਦ ਉੱਤੇ ਭੇਜਿਆ ਜਾਣਗੀਆਂ ਅਤੇ ਕਈ ਲੋਕ ਆਪਣੀਆਂ ਗੱਡੀਆਂ ਨਾਲ ਵੀ ਵਾਹਘਾ ਬਾਰਡਰ ਤੱਕ ਪਹੁੰਚ ਕਰਨਗੇ।