ਜਲੰਧਰ: ਪੰਜਾਬ ’ਚ ਲੱਖਾਂ ਦੀ ਤਾਦਾਦ ਚ ਲੋਕ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਵੱਡੀ ਗਿਣਤੀ ਚ ਲੋਕ ਖੁਦ ਜਾਂ ਆਪਣੇ ਪਰਿਵਾਰਾਂ ਸਮੇਤ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਚ ਵਸ ਗਏ ਹਨ। ਇਸਦੇ ਬਾਵਜੁਦ ਵੀ ਐੱਨਆਰਆਈ ਪੰਜਾਬ ’ਚ ਆਪਣੇ-ਆਪਣੇ ਪਿੰਡਾਂ ਅਤੇ ਆਪਣੀਆਂ ਜੜ੍ਹਾਂ ਦੇ ਨਾਲ ਬਹੁਤ ਹੀ ਮਜਬੂਤੀ ਦੇ ਨਾਲ ਜੁੜੇ ਹੋਏ ਸਨ। ਇਹੀ ਨਹੀਂ ਆਪਣੇ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਿਆ ਖਰਚਣ ਲੱਗਿਆ ਵੀ ਉਹ ਗੁਰੇਜ਼ ਨਹੀਂ ਕਰਦੇ। ਇਸ ਤੋਂ ਇਲਾਵਾ ਇਨ੍ਹਾਂ ਐੱਨਆਰਆਈ ਦਾ ਪੰਜਾਬ ਦੀ ਰਾਜਨੀਤੀ ਚ ਵੀ ਇੱਕ ਅਹਿਮ ਰੋਸ ਹੁੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਦਾ ਆਪਣੇ ਪਿੰਡਾਂ ਵੱਲ ਰੁਝਾਨ ਅਤੇ ਪੰਜਾਬ ਵੱਲ ਆਉਣਾ ਘੱਟ ਗਿਆ ਹੈ।
ਐੱਨਆਰਆਈ ਲੋਕਾਂ ਦਾ ਆਪਣੇ ਪਿੰਡਾਂ ਅਤੇ ਪੰਜਾਬ ਨਾਲ ਪਿਆਰ
ਇੱਕ ਸਮਾਂ ਸੀ ਜਦੋ ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਕੇ ਵਸੇ ਇਹ ਐੱਨਆਰਆਈ ਪੰਜਾਬ ਦੀ ਧਰਤੀ ਨਾਲ ਇਸ ਕਦਰ ਜੁੜੇ ਹੋਏ ਸੀ ਕਿ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣੇ ਪਿੰਡ ਜ਼ਰੂਰ ਪਰਤਦੇ ਸੀ। ਇਹੀ ਨਹੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦਾ ਜਨਮ ਵਿਦੇਸ਼ਾਂ ਵਿੱਚ ਹੋਇਆ ਸੀ ਉਨ੍ਹਾਂ ਨੂੰ ਵੀ ਪੰਜਾਬ ਦਿਖਾ ਕੇ ਆਪਣੀ ਧਰਤੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਸੀ। ਪੰਜਾਬ ਅਤੇ ਆਪਣੇ ਪਿੰਡਾਂ ਨਾਲ ਇਨ੍ਹਾਂ ਦਾ ਪਿਆਰ ਇਸ ਗੱਲ ਤੋਂ ਸਾਫ਼ ਝਲਕਦਾ ਸੀ ਕਿ ਆਪਣੇ ਪਿੰਡਾਂ ਦੇ ਸਕੂਲਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਇਹ ਆਪਣੀ ਕਮਾਈ ਵਿੱਚੋਂ ਲੱਖਾਂ ਕਰੋੜਾਂ ਰੁਪਿਆ ਤੱਕ ਦੇਣ ਤੋਂ ਗੁਰੇਜ਼ ਨਹੀਂ ਕਰਦੇ ਸੀ। ਆਪਣੇ ਪਰਿਵਾਰਾਂ ਸਮੇਤ ਹਰ ਸਾਲ ਪੰਜਾਬ ਆਪਣੇ ਪਿੰਡ ਆ ਕੇ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੂੰ ਮਿਲ ਕੇ ਜੋ ਖੁਸ਼ੀ ਉਨ੍ਹਾਂ ਨੂੰ ਮਿਲਦੀ ਸੀ ਉਹ ਸ਼ਾਇਦ ਸਾਰਾ ਸਾਰਾ ਸਾਲ ਵਿਦੇਸ਼ ਵਿੱਚ ਰਹਿ ਕੇ ਵੀ ਨਹੀਂ ਮਿਲਦੀ ਸੀ।
ਰਾਜਨੀਤੀ ਵਿਚ ਐੱਨਆਰਆਈ ਦਾ ਰੋਲ
ਪੰਜਾਬ ਤੋਂ ਜਾ ਕੇ ਐੱਨਆਰਆਈ ਵਿਦੇਸ਼ਾਂ ਵਿਚ ਜਾ ਵਸੇ ਅਤੇ ਉੱਥੇ ਸਫਲ ਹੋਏ। ਨਾ ਸਿਰਫ ਪੰਜਾਬ ਵਿਚ ਆਪਣੇ ਪਿੰਡਾਂ ਨਾਲ ਖਾਸ ਲਗਾਵ ਰੱਖਦੇ ਸੀ, ਬਲਕਿ ਇਸ ਦੇ ਨਾਲ ਨਾਲ ਉਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਇੱਕ ਅਹਿਮ ਰੋਲ ਹੁੰਦਾ ਸੀ। ਪੰਜਾਬ ਦੀ ਰਾਜਨੀਤੀ ਵਿੱਚ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਨਾ ਜਾਂ ਫਿਰ ਉਸ ਨੂੰ ਲੱਖਾਂ ਕਰੋੜਾਂ ਦੀ ਫੰਡਿੰਗ ਕਰਕੇ ਜਿੱਤ ਦਿਵਾਉਣੀ ਇਨ੍ਹਾਂ ਐਨਆਰਆਈਜ਼ ਦਾ ਮਕਸਦ ਹੁੰਦਾ ਸੀ ਤਾਂ ਕਿ ਉਹ ਪਾਰਟੀ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਵਿਕਾਸ ਕਰ ਸਕੇ। ਇਸ ਲਈ ਇਹ ਐਨ ਆਰ ਆਈ ਹਰ ਵਾਰ ਚੋਣਾਂ ’ਤੇ ਪੰਜਾਬ ਆਉਂਦੇ ਸੀ ਅਤੇ ਆਪਣੀ ਮਨਪਸੰਦ ਰਾਜਨੀਤਿਕ ਪਾਰਟੀ ਅਤੇ ਉਮੀਦਵਾਰ ਨੂੰ ਜਤਾਉਣ ਲਈ ਤਨ ਮਨ ਧਨ ਨਾਲ ਉਸ ਦਾ ਸਾਥ ਦਿੰਦੇ ਸੀ। ਪੰਜਾਬ ਵਿੱਚ ਵੀ ਹਰ ਰਾਜਨੀਤਿਕ ਪਾਰਟੀ ਨਾ ਸਿਰਫ਼ ਪੰਜਾਬ ਆਏ ਇਨ੍ਹਾਂ ਐਨਆਰਆਈ ਲੋਕਾਂ ਨਾਲ ਮੁਲਾਕਾਤ ਕਰਦੀ ਸੀ ਬਲਕਿ ਵਿਦੇਸ਼ਾਂ ਵਿੱਚ ਜਾ ਕੇ ਵੀ ਇਨ੍ਹਾਂ ਨੂੰ ਆਪਣੀ ਵੱਲ ਰੁਝਾਨ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ। ਇਹੀ ਕਾਰਨ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਇਨ੍ਹਾਂ ਐਨਆਰਆਈ ਲੋਕਾਂ ਦਾ ਇੱਕ ਅਹਿਮ ਰੋਲ ਸੀ ਜਿਸ ਨਾਲ ਰਾਜਨੀਤਿਕ ਪਾਰਟੀਆਂ ਚੋਣਾਂ ਲੜ ਕੇ ਆਪਣੀ ਸਰਕਾਰ ਬਣਾਉਂਦੀਆਂ ਰਹਿੰਦੀਆਂ ਸੀ।
ਆਖਿਰ ਕਿਉਂ ਪੰਜਾਬ ਦੀ ਰਾਜਨੀਤੀ ਤੋਂ ਪਿੱਛੇ ਹੱਟ ਰਹੇ ਐਨਆਰਆਈ?
ਐੱਨ ਆਰ ਆਈ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਦੱਸਿਆ ਕਿ ਪੰਜਾਬ ਵਿੱਚ ਇਨ੍ਹਾਂ ਐੱਨਆਰਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਸ ਐਨਆਰਆਈ ਸਭਾ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਅੱਜ 24 ਹਜ਼ਾਰ ਐਨਆਰਆਈ ਮੈਂਬਰ ਦੇ ਤੌਰ ’ਤੇ ਮੌਜੂਦ ਹਨ। ਉਨ੍ਹਾਂ ਮੁਤਾਬਕ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅਜੇ ਵੀ ਉਹ ਇਸ ਸਭਾ ਨਾਲ ਜੁੜਨਾ ਚਾਹੁੰਦੇ ਹਨ, ਪਰ ਉਹਦੇ ਦੂਜੇ ਪਾਸੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪੰਜਾਬ ਦੀ ਰਾਜਨੀਤੀ ਤੋਂ ਹੌਲੀ ਹੌਲੀ ਇਨ੍ਹਾਂ ਐਨਆਰਆਈਜ਼ ਦਾ ਰੁਝਾਨ ਘਟਦਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਤਕਰੀਬਨ ਹਰ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਡੇ ਨੇਤਾ ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਐਨਆਰਆਈ ਲੋਕਾਂ ਨਾਲ ਮੁਲਾਕਾਤ ਕਰਦੇ ਸੀ ਅਤੇ ਤਨ ਮਨ ਧਨ ਨਾਲ ਇਨ੍ਹਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਸੀ। ਐਨਆਰਆਈ ਸਭਾ ਦੇ ਪ੍ਰਧਾਨ ਦੱਸਦੇ ਹਨ ਕਿ ਪੰਜਾਬ ਵਿੱਚ ਹੋਣ ਵਾਲੀ ਤਕਰੀਬਨ ਹਰ ਚੋਣ ਵਿੱਚ ਐਨਆਰਆਈ ਦਾ ਇੱਕ ਅਹਿਮ ਰੋਲ ਹੁੰਦਾ ਸੀ, ਪਰ ਹੁਣ ਇਹ ਐੱਨ ਆਰ ਆਈ ਪੰਜਾਬ ਦੀ ਰਾਜਨੀਤੀ ਤੋਂ ਪਿੱਛੇ ਹਟ ਗਏ ਹਨ। ਸਾਲ 2017 ਦੀਆਂ ਚੋਣਾਂ ਵਿੱਚ ਵਿਦੇਸ਼ਾਂ ਵਿੱਚ ਰਹਿ ਰਹੇ ਤਕਰੀਬਨ ਹਰ ਐਨਆਰਆਈ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਆ ਕੇ ਬਦਲਾਅ ਲਿਆਵੇਗੀ। ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਜੋ ਕੀਤਾ ਅਤੇ ਜੋ ਆਮ ਆਦਮੀ ਪਾਰਟੀ ਨਾਲ ਹੋਇਆ ਉਸ ਨੂੰ ਦੇਖਦੇ ਹੋਏ ਇਸ ਵਾਰ ਐੱਨਆਰਆਈ ਬਹੁਤ ਘੱਟ ਗਿਣਤੀ ਵਿੱਚ ਪੰਜਾਬ ਦੀਆਂ ਚੋਣਾਂ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਤੋਂ ਐੱਨਆਰਆਈ ਨਿਰਾਸ਼
ਕਿਰਪਾਲ ਸਿੰਘ ਸਹੋਤਾ ਦੇ ਮੁਤਾਬਕ ਹਰ ਵਾਰ ਇਹ ਰਾਜਨੀਤਿਕ ਪਾਰਟੀਆਂ ਐਨਆਰਆਈ ਲੋਕਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਪੂਰੀਆਂ ਸੇਵਾਵਾਂ ਮਿਲਦੀਆਂ ਹਨ। ਪਰ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਉਣ ਮਗਰੋਂ ਉਹ ਇਨ੍ਹਾਂ ਦੀ ਮਦਦ ਭੁੱਲ ਜਾਂਦੇ ਹਨ ਜਿਸ ਦਾ ਸਿੱਟਾ ਇਸ ਵਾਰ ਇਹ ਨਿਕਲਿਆ ਕਿ ਇਨ੍ਹਾਂ ਰਾਹੀਂ ਹੁਣ ਪੰਜਾਬ ਦੀ ਰਾਜਨੀਤੀ ਦਾ ਹਿੱਸਾ ਬਣਨਾ ਹੀ ਨਹੀਂ ਚਾਹੁੰਦੇ। ਕਿਰਪਾਲ ਸਿੰਘ ਸਹੋਤਾ ਨੇ ਦੱਸਿਆ ਕਿ ਅੱਜ ਦੀ ਤਰੀਕ ਵਿਚ ਪੰਜਾਬ ਦੀ ਕੋਈ ਵੀ ਰਾਜਨੀਤਿਕ ਪਾਰਟੀ ਅਜਿਹੀ ਨਹੀਂ ਹੈ ਜੋ ਪੰਜਾਬ ਨੂੰ ਸਹੀ ਰਸਤੇ ’ਤੇ ਲਿਜਾ ਕੇ ਸਹੀ ਢੰਗ ਨਾਲ ਵਿਕਾਸ ਕਰ ਸਕੇ ਕਿਉਂਕਿ ਵਿਦੇਸ਼ਾਂ ਵਿੱਚ ਵੱਸ ਰਹੇ ਇਹ ਐੱਨਆਰਆਈ ਲੋਕ ਤਕਰੀਬਨ ਹਰ ਪਾਰਟੀ ਨੂੰ ਅਜ਼ਮਾ ਚੁੱਕੇ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਹਰ ਵਾਰ ਜੋ ਉਮੀਦਾਂ ਸਰਕਾਰ ਤੋਂ ਹੁੰਦੀਆਂ ਹਨ ਸਰਕਾਰ ਉਨ੍ਹਾਂ ਨੂੰ ਪੂਰਾ ਨਹੀਂ ਕਰ ਪਾਉਂਦੀ।
ਇਹ ਹਨ ਐਨਆਰਆਈ ਲੋਕਾਂ ਦੇ ਮੁੱਦੇ
ਪੰਜਾਬ ਤੋਂ ਜਾ ਕੇ ਵਿਦੇਸ਼ਾਂ ਵਿੱਚ ਵਸੇ ਇਨ੍ਹਾਂ ਐਨਆਰਆਈ ਦੀਆਂ ਜ਼ਮੀਨਾਂ ਜਾਇਦਾਦਾਂ ਹਾਲੇ ਵੀ ਪੰਜਾਬ ਵਿੱਚ ਮੌਜੂਦ ਹਨ। ਜਦ ਇਹ ਲੋਕ ਪਰਿਵਾਰਾਂ ਸਮੇਤ ਇੱਥੋਂ ਵਿਦੇਸ਼ਾਂ ਵਿੱਚ ਰਹਿਣ ਲਈ ਚਲੇ ਜਾਂਦੇ ਹਨ ਤਾਂ ਇਨ੍ਹਾਂ ਜ਼ਮੀਨਾਂ ਜਾਇਦਾਦਾਂ ਨੂੰ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਅਤੇ ਹੋਰ ਸਕੇ ਸਬੰਧੀਆਂ ਦੇ ਸਪੁਰਦ ਕਰ ਜਾਂਦੇ ਹਨ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਇਨ੍ਹਾਂ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਐਨਆਰਆਈ ਲੋਕਾਂ ਦੀਆਂ ਜਾਇਦਾਦਾਂ ਉੱਪਰ ਕਬਜ਼ਾ ਕਰ ਲਿਆ ਜਾਂਦਾ ਹੈ। ਆਪਣੀ ਜ਼ਮੀਨ ਜਾਇਦਾਦ ਨੂੰ ਖਾਲੀ ਕਰਾਉਣਾ ਸਮੇਂ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ,ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਆਉਣ ਵਾਲੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਵੀ ਇਹ ਪ੍ਰਸ਼ਾਸਨ ਤੋਂ ਬਹੁਤ ਨਿਰਾਸ਼ ਨਜ਼ਰ ਆਉਂਦੇ ਹਨ।
'ਤੀਜ਼ੀ ਪੀੜੀ ਨਹੀਂ ਕਰਦੀ ਪੰਜਾਬ ਵੱਲ ਰੁਖ਼'
ਕਿਰਪਾਲ ਸਿੰਘ ਸਹੋਤਾ ਮੁਤਾਬਿਕ ਪੰਜਾਬ ਦੇ ਉਹ ਲੋਕ ਜੋ 40-50 ਸਾਲ ਪਹਿਲਾਂ ਪੰਜਾਬ ਤੋਂ ਬਾਹਰ ਜਾ ਕੇ ਵਸੇ ਸੀ ਅਤੇ ਅੱਜ ਉੱਥੇ ਦੇ ਕਾਮਯਾਬ ਕਾਰੋਬਾਰੀ ਜਾਂ ਕਿਸਾਨ ਹਨ ਉਨ੍ਹਾਂ ਦੇ ਆਪਣੇ ਬੱਚਿਆਂ ਤੱਕ ਤਾਂ ਪੰਜਾਬ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਉਨ੍ਹਾਂ ਦਾ ਪੂਰਾ ਲਗਾਓ ਸੀ ਪਰ ਹੁਣ ਜਦੋ ਉਨ੍ਹਾਂ ਦੀ ਤੀਜ਼ੀ ਪੀੜ੍ਹੀ ਜਿਹੜੀ ਕਿ ਵਿਦੇਸ਼ਾਂ ’ਚ ਜੰਮੀ ਪਲੀ ਹੈ, ਉਹ ਪੰਜਾਬ ਵੱਲ ਆਪਣਾ ਰੁਖ ਨਹੀਂ ਕਰਦੀ ਅਤੇ ਉਨ੍ਹਾਂ ਚੋਂ ਜ਼ਿਆਦਾਤਰ ਪੰਜਾਬ ਆਉਣਾ ਹੀ ਨਹੀਂ ਚਾਹੁੰਦੇ।
ਕੋਵਿਡ ਵੀ ਬਣਿਆ ਇਸ ਦਾ ਇੱਕ ਮੁੱਖ ਕਾਰਨ
ਪਿਛਲੇ ਦੋ ਸਾਲਾਂ ਤੋਂ ਦੁਨੀਆਂ ਵਿੱਚ ਤਬਾਹੀ ਮਚਾ ਚੁੱਕੇ ਕੋਵਿਡ ਕਰਕੇ ਵੀ ਇਨ੍ਹਾਂ ਐਨਆਰਆਈ ਦਾ ਪੰਜਾਬ ਆਉਣਾ ਜਾਣਾ ਬੰਦ ਹੋ ਚੁੱਕਿਆ ਸੀ। ਹੁਣ ਵੀ ਹਾਲਾਤ ਕੁਝ ਅਜਿਹੀ ਹੀ ਹਨ ਜੇ ਅੱਜ ਵੀ ਪੂਰੀ ਤਰ੍ਹਾਂ ਹਾਲਾਤ ਨਾ ਠੀਕ ਹੋਣ ਕਰਕੇ ਲੋਕ ਪੰਜਾਬ ਆਉਣ ਤੋਂ ਝਿਜਕਦੇ ਹਨ।
ਕੀ ਕਹਿਣਾ ਹੈ ਐਨਆਰਆਈ ਦੇ ਰਿਸ਼ਤੇਦਾਰਾਂ ਦਾ
ਉੱਧਰ ਪੰਜਾਬ ਦੇ ਪਿੰਡਾਂ ਵਿੱਚ ਵੱਸ ਰਹੇ ਇਨ੍ਹਾਂ ਐਨਆਰਆਈਜ਼ ਦੇ ਰਿਸ਼ਤੇਦਾਰਾਂ ਦਾ ਵੀ ਕਹਿਣਾ ਹੈ ਇਹ ਲੋਕ ਹੁਣ ਪੰਜਾਬ ਆਪਣੇ ਪਿੰਡਾਂ ਵਿੱਚ ਨਹੀਂ ਆਉਣਾ ਚਾਹੁੰਦੇ ਅਤੇ ਇੱਥੇ ਪਈਆਂ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਤੇ ਕੋਠੀਆਂ ਨੂੰ ਵੀ ਵੇਚ ਰਹੇ ਹਨ। ਉਨ੍ਹਾਂ ਮੁਤਾਬਿਕ ਹੁਣ ਐਨਆਰਆਈ ਦਾ ਪੂਰਾ ਧਿਆਨ ਆਪਣੀਆਂ ਕੋਠੀਆਂ ਅਤੇ ਜ਼ਮੀਨਾਂ ਜਾਇਦਾਦਾਂ ਨੂੰ ਵੇਚਣ ਵੱਲ ਹੈ। ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਲੱਖਾਂ ਕਰੋੜਾਂ ਦੀ ਲਾਗਤ ਨਾਲ ਬਣੀਆਂ ਇਹ ਕੋਠੀਆਂ ਕਿਸੇ ਸਮੇਂ ਪਿੰਡਾਂ ਦੀ ਸ਼ਾਨ ਹੁੰਦੀਆਂ ਸੀ ਪਰ ਅੱਜ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਗੇਟਾਂ ਉਪਰ ਤਾਲੇ ਜੜੇ ਹੋਏ ਹਨ। ਦਰਅਸਲ ਅੱਜ ਤੋਂ 30-40 ਸਾਲ ਪਹਿਲਾਂ ਵਿਦੇਸ਼ ਜਾ ਕੇ ਰਹਿ ਰਹੇ ਐਨਆਰਆਈ ਵੀ ਹੁਣ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਇਸ ਕਰਕੇ ਵੇਚ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਹੁਣ ਬੱਚੇ ਪੰਜਾਬ ਨਹੀਂ ਜਾਣਗੇ।
ਇਸ ਸਭ ਦੇ ਬਾਵਜੂਦ ਹੁਣ ਇੱਕ ਵਾਰ ਫਿਰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਐਨਆਰਆਈ ਦੀ ਕਿੰਨੀ ਗਿਣਤੀ ਪੰਜਾਬ ਆ ਕੇ ਆਪਣੇ ਮਨਪਸੰਦ ਉਮੀਦਵਾਰ ਅਤੇ ਪਾਰਟੀ ਨੂੰ ਸਪੋਰਟ ਕਰਦੀ ਹੈ।
ਇਹ ਵੀ ਪੜੋ: SC ਨੇ NTA ਨੂੰ NEET 2021 ਨਤੀਜਾ ਐਲਾਨਣ ਦੀ ਇਜਾਜ਼ਤ ਦਿੱਤੀ