ਜਲੰਧਰ : ਖੇਤੀ ਆਰਡੀਨੈਂਸਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਦੇ ਦੌਰਾਨ ਕਿਸਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਘਰ ਦਾ ਘਿਰਾਓ ਕੀਤਾ ਸੀ। ਕਿਸਾਨਾਂ ਵੱਲੋਂ ਘਿਰਾਓ ਕੀਤੇ ਜਾਣ ਮਗਰੋਂ ਹੰਸਰਾਜ ਜਲੰਧਰ 'ਚ ਸਥਿਤ ਆਪਣੇ ਘਰ ਪੁੱਜੇ। ਦਿੱਲੀ ਤੋਂ ਪੰਜਾਬ ਪਰਤੇ ਸਾਂਸਦ ਹੰਸਰਾਜ ਹੰਸ ਨੇ ਪੀਐਮ ਮੋਦੀ ਨਾਲ ਮੁਲਾਕਾਤ ਕਰਵਾ ਕੇ ਕਿਸਾਨਾਂ ਦੀ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਥਰਸ ਵਿਖੇ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸਿਆਸਤ ਦਾ ਹਿੱਸਾ ਦੱਸਿਆ।
ਪੀਐਮ ਮੋਦੀ ਨਾਲ ਮੁਲਾਕਾਤ ਕਰਵਾਉਣ ਦਾ ਦਿੱਤਾ ਸੱਦਾ
ਮੀਡੀਆ ਨਾਲ ਰੁਬਰੂ ਹੁੰਦੇ ਹੋਏ ਹੰਸਰਾਜ ਹੰਸ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਦੇ ਘਰ ਦਾ ਘਿਰਾਓ ਕੀਤਾ। ਇਸ ਨੂੰ ਲੈ ਕੇ ਉਹ ਬਿਲਕੁੱਲ ਵੀ ਨਰਾਜ਼ ਨਹੀਂ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦਾ ਰੋਸ ਜਾਇਜ਼ ਹੈ, ਕਿਉਂਕਿ ਦੇਸ਼ ਦੀ ਜਨਤਾ ਆਪਣੇ ਹੱਕਾਂ ਲਈ ਜਾਗਰੂਕ ਹੈ ਤੇ ਆਪਣੇ ਹੱਕ ਦੀ ਲੜਾਈ ਲੜਨਾ ਵਧੀਆ ਹੈ। ਉਨ੍ਹਾਂ ਕਿਸਾਨਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਜੇ ਕਿਸਾਨ ਚਾਹੁਣ ਤਾਂ ਉਹ ਪ੍ਰਧਾਨ ਮੋਦੀ ਨਾਲ ਗੱਲ ਕਰਕੇ ਕਿਸਾਨ ਆਗੂਆਂ ਦੀ ਮੁਲਾਕਾਤ ਕਰਵਾ ਦੇਣਗੇ। ਕਿਸਾਨ ਪੀਐਮ ਮੋਦੀ ਨਾਲ ਖੁੱਲ੍ਹ ਕੇ ਆਪਣੀ ਸਮੱਸਿਆ ਤੇ ਮੁਸ਼ਕਲਾਂ ਸਾਂਝੀ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਦੀ ਮੁਸ਼ਕਲਾਂ ਹੱਲ ਕਰਵਾਉਣ ਸਬੰਧੀ ਜ਼ਿੰਮੇਵਾਰੀ ਲੈਣ ਦੀ ਗੱਲ ਆਖੀ। ਹੰਸਰਾਜ ਹੰਸ ਨੇ ਕਿਹਾ ਕਿ ਜਿਹੜੇ ਸਿਆਸੀ ਆਗੂ ਇਹ 2022 ਦੀਆਂ ਚੋਣਾਂ ਸਬੰਧੀ ਸੋਚ ਕੇ ਇਸ ਮੁੱਦੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ , ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੱਤਾ ਹਾਸਲ ਕਰਨਾ ਸੌਖਾ ਨਹੀਂ ਹੈ। ਉਨ੍ਹਾਂ ਕਿਸਾਨਾਂ ਦੇ ਹੱਕ 'ਚ ਨਿੱਤਰੇ ਗਾਇਕਾਂ ਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ।
ਹਾਥਰਸ ਦੀ ਘਟਨਾ ਮੰਦਭਾਗੀ
ਯੂਪੀ ਦੇ ਹਾਥਰਸ ਵਿਖੇ 20 ਸਾਲਾ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਜਿਥੇ ਇੱਕ ਪਾਸੇ ਪੀਐਮ ਮੋਦੀ ਦੀ ਭਾਜਪਾ ਸਰਕਾਰ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਦਿੰਦੇ ਹਨ। ਇਸ ਲਈ ਉਨ੍ਹਾਂ ਨੇ ਇਸ ਅਪਰਾਧਕ ਘਟਨਾ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਚੁੱਕੀ। ਉਨ੍ਹਾਂ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਅਜਿਹਾ ਕਾਨੂੰਨ ਬਣਾਇਆ ਜਾਵੇ , ਜਿਸ ਦੇ ਤਹਿਤ ਅਪਰਾਧ ਸਾਬਤ ਹੋਣ ਮਗਰੋਂ ਮੁਲਜ਼ਮ ਨੂੰ ਬਿਨਾਂ ਦੇਰੀ ਤੋਂ ਸਜ਼ਾ ਦਿੱਤੀ ਜਾ ਸਕੇ। ਹੰਸਰਾਜ ਹੰਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਯੂਪੀ ਦੇ ਮੁਖ ਮੰਤਰੀ ਯੋਗੀ ਆਦਿਤਯ ਨਾਥ ਨੂੰ ਚਿੱਠੀ ਵੀ ਲਿਖੀ ਤੇ ਫੋਨ 'ਤੇ ਵੀ ਗੱਲ ਕੀਤੀ। ਉਨ੍ਹਾਂ ਜਲਦ ਤੋਂ ਜਲਦ ਪੀੜਤਾ ਨੂੰ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਹਾਥਰਸ ਵਿਖੇ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕਰਨ ਨੂੰ ਹੰਸਰਾਜ ਹੰਸ ਨੇ ਸਿਆਸਤ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਆਗੂ ਰਾਹੁਲ ਗਾਂਧੀ ਰੋਸ ਪ੍ਰਦਰਸ਼ਨ ਲਈ ਹਾਥਰਸ ਪੁੱਜੇ ਹਨ ਤਾਂ ਉਨ੍ਹਾਂ ਨੂੰ ਦੇਸ਼ ਦੀਆਂ ਹੋਰਨਾਂ ਪੀੜਤਾਂ ਲਈ ਵੀ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਸਭ ਨੂੰ ਅਜਿਹੇ ਅਪਰਾਧਾਂ ਖਿਲਾਫ ਇੱਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਹਰ ਬੇਟੀ ਦੀ ਸੁਰੱਖਿਆ ਕੀਤੀ ਜਾ ਸਕੇ।