ਜਲੰਧਰ: ਪੰਜਾਬ ਪੁਲਿਸ ਦੀ ਵਿਜੀਲੈਂਸ ਬਿਊਰੋ ਟੀਮ ਵੱਲੋਂ ਅੱਜ ਆਰਥਿਕ ਅਪਰਾਧ ਸ਼ਾਖਾ ਦੇ ਇੱਕ ਏਐਸਆਈ ਨੂੰ 40,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਆਰਥਿਕ ਅਪਰਾਧ ਸ਼ਾਖਾ ਦੇ ਏਐੱਸਆਈ ਚਰਨਜੀਤ ਸਿੰਘ ਉੱਤੇ ਇਹ ਇਲਜ਼ਾਮ ਹੈ ਕਿ ਉਸ ਨੇ ਲੁਧਿਆਣਾ ਦੇ ਇੱਕ ਕਾਰ ਡੀਲਰ ਵੱਲੋਂ ਜਲੰਧਰ ਦੇ ਮਕਸੂਦਾ ਇਲਾਕੇ ਦੀ ਰਹਿਣ ਵਾਲੀ ਇੱਕ ਮਹਿਲਾ ਰਣਜੀਤ ਕੌਰ ਉੱਤੇ ਕਾਰਵਾਈ ਕਰਵਾਉਣ ਲਈ ਇਹ ਪੈਸੇ ਰਿਸ਼ਵਤ ਦੇ ਤੌਰ ਉੱਤੇ ਲਏ ਸੀ।
ਇਹ ਹੈ ਪੂਰਾ ਮਾਮਲਾ: ਜਾਣਕਾਰੀ ਮੁਤਾਬਕ ਮੁਕੇਸ਼ ਕੁਮਾਰ ਨਾਮ ਦਾ ਇੱਕ ਕਾਰ ਡੀਲਰ ਜੋ ਨਿਊ ਕਿਚਲੂ ਨਗਰ ਲੁਧਿਆਣੇ ਦਾ ਰਹਿਣ ਵਾਲਾ ਹੈ, ਉਸਨੇ ਜਲੰਧਰ ਪੁਲਿਸ ਕਮਿਸ਼ਨਰੇਟ ਵਿਖੇ ਇੱਕ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਪਿਛਲੇ ਸਾਲ ਰਣਜੀਤ ਕੌਰ ਨਾਮ ਦੀ ਇੱਕ ਮਹਿਲਾ ਜੋ ਕਿ ਜਲੰਧਰ ਦੇ ਮਕਸੂਦਾ ਇਲਾਕੇ ਦੀ ਰਹਿਣ ਵਾਲੀ ਹੈ। ਉਸ ਨੂੰ ਇੱਕ ਟੋਇਟਾ ਫਾਰਚੂਨਰ ਗੱਡੀ ਪੰਦਰਾਂ ਲੱਖ ਰੁਪਏ ਵਿੱਚ ਵੇਚੀ ਸੀ। ਗੱਡੀ ਵੇਚਣ ਦੌਰਾਨ ਮੁਕੇਸ਼ ਕੁਮਾਰ ਅਤੇ ਉਕਤ ਮਹਿਲਾ ਰਣਜੀਤ ਕੌਰ ਵਿੱਚ ਇਹ ਡੀਲ ਹੋਈ ਸੀ ਕਿ ਉਹ 5 ਲੱਖ ਰੁਪਏ ਨਗਦ ਦੇ ਕੇ ਬਾਕੀ ਪੈਸੇ ਕਿਸ਼ਤਾਂ ਵਿੱਚ ਦਿੱਤੇ ਜਾਣਗੇ ਪਰ ਰਣਜੀਤ ਕੌਰ ਵੱਲੋਂ ਕੁੱਝ ਸਮੇਂ ਬਾਅਦ ਮੁਕੇਸ਼ ਨੂੰ ਉਸ ਦੀ ਕਾਰ ਦੇ ਪੈਸੇ ਦਿੱਤੇ ਬਿਨਾਂ ਕਾਰ ਦੇ ਜਾਅਲੀ ਦਸਤਾਵੇਜ਼ ਬਣਾ ਕੇ ਕਾਰ ਨੂੰ ਅੱਗੇ ਵੇਚ ਦਿੱਤਾ ਗਿਆ।
ਇਸ ਤੋਂ ਬਾਅਦ ਮੁਕੇਸ਼ ਕੁਮਾਰ ਵੱਲੋਂ ਜਲੰਧਰ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਗਈ। ਇਸ ਸ਼ਿਕਾਇਤ ਉੱਤੇ ਕਾਰਵਾਈ ਕਰਨ ਲਈ ਪੁਲਿਸ ਅਧਿਕਾਰੀਆਂ ਵੱਲੋਂ ਇਸ ਨੂੰ ਏਐੱਸਈ ਚਰਨਜੀਤ ਸਿੰਘ ਨੂੰ ਮਾਰਕ ਕਰ ਦਿੱਤਾ ਗਿਆ ਸੀ। ਮੁਕੇਸ਼ ਕੁਮਾਰ ਮੁਤਾਬਕ ਏਐੱਸਆਈ ਚਰਨਜੀਤ ਸਿੰਘ ਵੱਲੋਂ ਰਣਜੀਤ ਕੌਰ ਉੱਤੇ ਕਾਰਵਾਈ ਕਰਨ ਲਈ ਮੁਕੇਸ਼ ਕੁਮਾਰ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਪਰ ਮੁਕੇਸ਼ ਕੁਮਾਰ ਵੱਲੋਂ ਤਰਲੇ ਮਿੰਨਤਾਂ ਕਰਨ ਤੋਂ ਬਾਅਦ ਇਹ ਡੀਲ ਚਾਲੀ ਹਜ਼ਾਰ ਰੁਪਏ ਵਿੱਚ ਫਾਈਨਲ ਹੋਈ। ਮੁਕੇਸ਼ ਕੁਮਾਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ ਅਤੇ ਵਿਜੀਲੈਂਸ ਵਿਭਾਗ ਵੱਲੋਂ ਆਪਣੇ ਬਣਦੇ ਸਟਾਫ ਅਤੇ ਗਵਾਹਾਂ ਨੂੰ ਨਾਲ ਲੈ ਕੇ ਏਐੱਸਆਈ ਚਰਨਜੀਤ ਸਿੰਘ ਨੂੰ ਚਾਲੀ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ ! ਅਧਿਆਪਕਾਂ ਨੇ ਵਿਦਿਆਰਥੀ ਨੂੰ ਕੜਾ ਤੇ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ, ਸਿੱਖ ਭਾਈਚਾਰੇ 'ਚ ਰੋਸ