ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਵਿਖੇ ਇੱਕ ਮਹਿਲਾ ਵੱਲੋਂ ਆਪਣੇ ਪਤੀ ਤੋਂ ਦੁਖੀ ਹੋ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਮਾਹਿਲਪੁਰ ਦੀ ਰਹਿਣ ਵਾਲੀ ਮਹਿਲਾ ਉਰਵਸ਼ੀ ਦਾ ਵਿਆਹ ਕਰਨ ਠਾਕੁਰ ਨਾਂ ਦੇ ਵਿਅਕਤੀ ਦੇ ਨਾਲ ਹੋਇਆ ਸੀ ਜਿਸ ਨੇ ਉਸਤੋਂ ਬੱਚਾ ਖੋਹ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੁਣ ਮਹਿਲਾ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ।
ਆਪਣੀ ਹੱਡ ਬੀਤੀ ਦੱਸਦੇ ਹੋਏ ਊਰਵਸ਼ੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ, ਉੱਥੇ ਉਸਦੀ ਮੁਲਾਕਾਤ ਕਰਨ ਦੀ ਭੈਣ ਨਾਲ ਹੋਈ। ਇਸ ਤੋਂ ਬਾਅਦ ਉਸਨੇ ਆਪਣੇ ਭਰਾ ਨਾਲ ਉਸਦੇ ਰਿਸ਼ਤੇ ਦੀ ਗੱਲ ਕਹੀ ਅਤੇ ਫਿਰ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ 18 ਜੂਨ 2021 ਨੂੰ ਉਸਦਾ ਵਿਆਹ ਕਰਨ ਠਾਕੁਰ ਜਲੰਧਰ ਨਾਲ ਮਾਹਿਲਪੁਰ ਵਿਖੇ ਹੋਇਆ। ਉਰਵਸ਼ੀ ਨੇ ਦੱਸਿਆ ਕਿ ਮਾਹਿਲਪੁਰ ਤੋਂ ਉਸਨੂੰ ਚੁੰਨੀ ਚੜਾ ਕੇ ਲੈ ਗਏ, ਜਦਕਿ ਫੇਰੇ ਜਲੰਧਰ ਵਿਖੇ ਲਏ ਗਏ, ਪਰ ਵਿਆਹ ਦੀ ਕੋਈ ਵੀਡੀਓ ਜਾਂ ਫੋਟੋ ਤੱਕ ਨਹੀਂ ਬਣਾਈ ਗਈ।
ਪੀੜਤ ਮਹਿਲਾ ਨੇ ਦੱਸਿਆ ਉਸਦਾ ਪਤੀ ਕਰਨ ਠਾਕੁਰ ਕਿਸੇ ਫਾਇਨਾਂਸ ਕੰਪਨੀ ਦੇ ਦਫਤਰ ਵਿਚ ਕੰਮ ਕਰਦਾ ਹੈ, ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਉਸਦਾ ਪਤੀ ਅਤੇ ਸੱਸ ਉਸਨੂੰ ਪਰੇਸ਼ਾਨ ਕਰਨ ’ਤੇ ਮਾਰਨ ਕੁੱਟਣ ਲੱਗ ਗਏ। ਉਰਵਸ਼ੀ ਨੇ ਦੱਸਿਆ ਕਿ ਘਰ ਦੀ ਸਫ਼ਾਈ ਕਰਨ ਸਮੇਂ ਕਿਸੇ ਤਰ੍ਹਾਂ ਉਸਦੇ ਪਤੀ ਦੇ ਦਸਤਾਵੇਜ਼ ਮਿਲੇ ਜਿਨ੍ਹਾਂ ਦੇ ਵਿੱਚ ਉਸਦੇ ਪਤੀ ਕਰਨ ਠਾਕੁਰ ਦਾ ਮਨਦੀਪ ਕੁਮਾਰ ਲਿਖਿਆ ਹੋਇਆ ਸੀ ਅਤੇ ਉਸਦਾ ਪਹਿਲਾਂ ਵਿਆਹ ਹੋ ਚੁੱਕਾ ਹੈ ਜਿਸਦਾ ਕੇਸ ਚੱਲ ਰਿਹਾ ਹੈ, ਪਰ ਉਹ ਸਹੁਰੇ ਪਰਿਵਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਕਾਰਨ ਵਿਰੋਧ ਨਹੀਂ ਕਰ ਸਕੀ।
ਉਰਵਸ਼ੀ ਨੇ ਅੱਗੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਦਾ ਬੱਚਾ ਹੋਇਆ ਤਾਂ ਸੱਸ ਅਤੇ ਨਨਾਣ ਨੇ ਉਸਦਾ ਬੱਚਾ ਖੋਹ ਲਿਆ ਅਤੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਰਵਸ਼ੀ ਨੇ ਦੱਸਿਆ ਉਸਨੇ ਆਪਣੇ ਸਹੁਰੇ ਪਰਿਵਾਰ ਅੱਗੇ ਬਹੁਤ ਮਿੰਨਤਾਂ ਤਰਲੇ ਕੀਤੇ ਕਿ ਉਸਨੂੰ ਉਸਦੇ ਬੱਚੇ ਨਾਲ ਮਿਲਵਾਇਆ ਜਾਵੇ ਤਾਂ ਜੋ ਉਹ ਬੱਚੇ ਨੂੰ ਆਪਣਾ ਦੁੱਧ ਪਿਲਾ ਸਕੇ , ਪਰ ਸਹੁਰੇ ਪਰਿਵਾਰ ਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਇੱਕ ਜਲੰਧਰ ਤੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਦਾ ਭਰਾ ਦੱਸਣ ਵਾਲੇ ਵਿਅਕਤੀ ਨੇ ਵੀ ਬੜੀ ਭੱਦਰ ਅਸ਼ਲੀਲ ਭਾਸ਼ਾ ਵਿੱਚ ਉਸਨੂੰ ਧਮਕੀਆਂ ਦਿੱਤੀਆਂ।
ਉਰਵਸ਼ੀ ਨੇ ਦੱਸਿਆ ਕਿ ਉਸਨੇ ਇਸਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਅਤੇ ਵਿਧਾਇਕ ਗੜ੍ਹਸ਼ੰਕਰ ਨੂੰ ਕੀਤੀ ਹੈ ਅਤੇ ਹੁਣ ਲੜਕੀ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉੱਧਰ ਦੂਜੇ ਪਾਸੇ ਡਿਪਟੀ ਸਪੀਕਰ ਪੰਜਾਬ ਅਤੇ ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਕੇਸ ਵਿੱਚ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋੇ: ਸਿਵਲ ਹਸਪਤਾਲ ’ਚ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਦੀ ਕੀਤੀ ਸ਼ਨਾਖਤ, ਕਹੀ ਇਹ ਗੱਲ...