ਹੁਸ਼ਿਆਰਪੁਰ : ਨਸ਼ਾ ਤਸਕਰੀ ਦੇ ਠੱਲ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ 'ਚ ਹੁਸ਼ਿਆਰਪੁਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤਕਰੀਬਨ 2 ਕਿੱਲੋ 100 ਗ੍ਰਾਮ ਹੈਰੋਇਨ ਤੇ 15 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਹੁਸ਼ਿਆਰਪੁਰ ਦੇ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਅੱਡਾ ਬੱਸੀ ਨੌਂ 'ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਗੱਡੀ 'ਚ ਸਵਾਰ ਦੋ ਵਿਅਕਤੀ ਕੋਲੋਂ ਚੈਕਿੰਗ ਦੇ ਦੌਰਾਨ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਬਰਾਮਦ ਹੋਈ।
ਮੁਲਜ਼ਮਾਂ ਦੀ ਪਛਾਣ ਲੱਕੀ ਉਰਫ ਗਗੂ ਵਸਨੀਕ ਦਸੂਹਾ ਤੇ ਬਲਵੀਰ ਚੰਦ ਵਾਸੀ ਫਿਲੌਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 2 ਕਿੱਲੋ 100 ਗ੍ਰਾਮ ਹੈਰੋਇਨ, 15 ਲੱਖ ਰੁਪਏ ਡਰੱਗ ਮਨੀ ਤੇ ਇੱਕ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਮੁਲਜ਼ਮ ਜਿਸ ਗੱਡੀ 'ਚ ਆਏ ਸਨ , ਉਹ ਉਸ ਦੇ ਸਹੀ ਕਾਗਜ਼ਾਤ ਵਿਖਾਉਣ 'ਚ ਨਾਕਾਮਯਾਕਬ ਰਹੇ, ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਜ਼ਬਤ ਕਰ ਲਈ।
ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਚੋਂ ਇੱਕ ਮੁਲਜ਼ਮ ਉੱਤੇ ਪਹਿਲਾਂ ਵੀ ਚੋਰੀ ਤੇ ਲੁੱਟ ਖੋਹ ਦੇ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋ ਪੁੱਛਗਿੱਛ ਜਾਰੀ ਹੈ ਕਿ ਉਹ ਕਿਥੋਂ ਨਸ਼ਾ ਲਿਆਂਉਦੇ ਹਨ। ਪੁਲਿਸ ਨੇ ਇਸ ਮਾਮਲੇ 'ਚ ਵੱਡੇ ਖੁਲਾਸੇ ਹੋਣ ਦੀ ਉਮੀਦ ਪ੍ਰਗਟਾਈ ਹੈ।