ਹੁਸ਼ਿਆਰਪੁਰ : ਜ਼ਿਲ੍ਹੇ ਦੇ ਗੜ੍ਹਸ਼ੰਕਰ ਸ਼ਹਿਰ ਦੇ ਵਿੱਚ ਬੀ.ਡੀ.ਓ ਵਿਭਾਗ ਦੇ ਇੱਕ ਸਰਕਾਰੀ ਮੁਲਾਜ਼ਮ ਵੱਲੋਂ ਇੱਕ ਵਿਅਕਤੀ ਕੋਲੋਂ ਰਿਸ਼ਵਤ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਮੁਲਾਜ਼ਮ ਨੇ ਇਹ ਪੈਸੇ ਪੀੜਤ ਵਿਅਕਤੀ ਕੋਲੋਂ ਮਕਾਨ ਦੇ ਲਈ ਮਿਲਣ ਵਾਲੇ ਸਰਕਾਰੀ ਰੁਪਇਆਂ ਦੀ ਮਨਜ਼ੂਰੀ ਦੇਣ ਲਈ ਮੰਗੇ ਸਨ।
ਪੀੜਤ ਵਿਅਕਤੀ ਦੇਵਕੀਨੰਦ ਨੇ ਪੱਤਰਕਾਰਾਂ ਨੂੰ ਮਾਮਲਾ ਦਸਦੇ ਹੋਏ ਕਿਹਾ ਕਿ ਉਸ ਨੇ ਮਕਾਨ ਬਣਾਉਣ ਲਈ ਸਰਕਾਰੀ ਸਕੀਮ ਤਹਿਤ ਆਰਥਿਕ ਮਦਦ ਦੀ ਅਰਜ਼ੀ ਦਿੱਤੀ ਸੀ। ਇਸ ਦੇ ਤਹਿਤ ਉਸ ਦੇ ਮਕਾਨ ਲਈ ਸਰਕਾਰਰੀ ਪੈਸੇ ਮਨਜ਼ੂਰ ਹੋ ਗਏ ਸਨ ਜਿਸ ਦੀ ਇੱਕ ਕਿਸ਼ਤ 18 ਹਜ਼ਾਰ ਰੁਪਏ ਮਿਲਣੀ ਸੀ। ਇਸ ਰਕਮ ਨੂੰ ਮਨਜ਼ੂਰੀ ਦੇਣ ਲਈ ਬੀ.ਡੀ.ਓ ਵਿਭਾਗ ਦੇ ਜੇਈ ਅਵਤਾਰ ਸਿੰਘ ਸੰਧੂ ਨੇ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਲੰਬੇ ਸਮੇਂ ਤੱਕ ਸਰਕਾਰੀ ਦਫ਼ਤਰ ਦੇ ਚੱਕਰ ਕੱਟਣ ਤੋਂ ਬਾਅਦ ਦੇਵਕੀਨੰਦ ਨੇ ਸ਼ਹਿਰ ਦੇ ਵਿਧਾਇਕ ਨੂੰ ਇਸ ਦੀ ਜਾਣਕਾਰੀ ਦਿੱਤੀ।
ਜਦੋਂ ਮੁੜ ਦੇਵਕੀਨੰਦ ਜੇਈ ਨੂੰ ਕਿਸ਼ਤ ਦੀ ਰਕਮ ਦੀ ਮਨਜ਼ੂਰੀ ਲਈ ਮਿਲਣ ਗਿਆ ਤਾਂ ਉਸ ਨੇ ਵਿਧਾਇਕ ਨੂੰ ਸੂਚਿਤ ਕੀਤਾ। ਜਿਵੇਂ ਹੀ ਉਸ ਨੇ ਜੇਈ ਅਵਤਾਰ ਸਿੰਘ ਨੇ ਰਿਸ਼ਵਤ ਲਈ ਤਾਂ ਵਿਧਾਇਕ ਨੇ ਮੌਕੇ ਉੱਤੇ ਪਹੁੰਚ ਕੇ ਉਸ ਨੂੰ ਰੰਗੇ ਹੱਥ ਰਿਸ਼ਵਤ ਲੈਂਦੀਆਂ ਕਾਬੂ ਕੀਤਾ। ਪਹਿਲਾਂ ਤਾਂ ਜੇਈ ਨੇ ਰਿਸ਼ਵਤ ਦੀ ਮੰਗ ਦੀ ਗੱਲ ਨੂੰ ਝੂਠ ਦੱਸਿਆ ਪਰ ਜਦੋਂ ਵਿਧਾਇਕ ਨੇ ਫੋਨ ਉੱਤੇ ਰਿਕਾਡਰਡਿੰਗ ਸੁਣਾਈ ਤਾਂ ਉਸ ਨੇ ਆਪਣੀ ਗ਼ਲਤੀ ਕਬੂਲ ਕੀਤੀ।
ਜਦੋ ਇਸ ਸਾਰੇ ਮਾਮਲੇ ਬਾਰੇ ਬੀ.ਡੀ.ਓ ਨਾਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਈ ਨੇ ਰਿਸ਼ਵਤ ਲਈ ਸੀ ਪਰ ਬਾਅਦ ਵਿੱਚ ਉਸ ਨੇ ਮਾਫ਼ੀ ਮੰਗ ਲਈ ਹੈ ਅਤੇ ਮੁੜ ਅਜਿਹਾ ਨਾ ਕੀਤੇ ਜਾਣ ਦੀ ਗੱਲ ਕਹੀ ਹੈ। ਉਧਰ ਗੜ੍ਹਸ਼ੰਕਰ ਦੇ ਵਿਧਾਇਕ ਨੇ ਸ਼ਿਕਾਇਤ ਦੇ ਆਧਾਰ ਤੇ ਵਿਭਾਗ ਵੱਲੋਂ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ।