ਹੁਸ਼ਿਆਰਪੁਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਸਭਾ ਮੈਂਬਰਾਂ ਦੇ ਮੁੱਦੇ ਉੱਤੇ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਬਾਰੇ ਵਿਧਾਨ ਸਭਾ ਵਿੱਚ ਤੰਜ਼ ਕੱਸਣ ਉੱਤੇ ਬੋਲਦਿਆ ਸੀਨੀਅਰ ਕਾਂਗਰਸ ਆਗੂ ਪੰਕਜ ਕਿਰਪਾਲ ਐਡਵੋਕੇਟ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਵੀ ਮਹਿਲਾ ਬਾਰੇ ਬੋਲਦਿਆ ਸ਼ਬਦਾਂ ਦੀ ਮਰਿਆਦਾ ਰੱਖਣੀ ਚਾਹੀਦੀ ਹੈ।"
ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਦੀ ਪੰਜਾਬ ਅਤੇ ਪੰਜਾਬੀਅਤ ਨੂੰ ਬਹੁਤ ਵੱਡੀ ਦੇਣ ਹੈ। ਅੰਬਿਕਾ ਸੋਨੀ ਨੇ ਕੇਂਦਰੀ ਮੰਤਰੀ ਹੁੰਦਿਆ ਵੀ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਲਈ 100 ਕਰੋੜ ਰੁਪਏ, ਸ੍ਰੀ ਤਲਵੰਡੀ ਸਾਬੋ ਵਿਕਾਸ ਲਈ 80 ਕਰੋੜ ਰੁਪਏ, ਸ੍ਰੀ ਖੁਰਾਲਗੜ੍ਹ ਸਾਹਿਬ ਲਈ 1 ਕਰੋੜ 60 ਲੱਖ ਰੁਪਏ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਵਿਸ਼ਵ ਟੂਰਿਜ਼ਮ ਦੇ ਨਕਸ਼ੇ ਉੱਤੇ ਲੈ ਕੇ ਆਉਣਾ, ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਲਈ 16 ਕਰੋੜ ਰੁਪਏ, ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਮਾਤਾ ਵਿੱਦਿਆਵਤੀ ਦੀ ਯਾਦਗਾਰ ਲਈ 5 ਕਰੋੜ 50 ਲੱਖ ਰੁਪਏ, ਪਾਂਡਵ ਸਰੋਵਰ ਲਈ 5 ਕਰੋੜ ਰੁਪਏ ਅਤੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਮਪਤਨੀ ਮਾਤਾ ਸੁੰਦਰੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਤ ਕਰਨ ਲਈ ਆਪਣੀ ਕਰੋੜਾਂ ਰੁਪਏ ਦੀ ਨਿੱਜੀ ਜਾਇਦਾਦ ਦਾਨ ਕਰ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਬਾਰੇ ਬੋਲਣ ਤੋਂ ਪਹਿਲਾਂ ਤੱਥਾਂ ਦੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ "ਅੰਬਿਕਾ ਸੋਨੀ ਭਗਵੰਤ ਮਾਨ ਨਾਲੋਂ ਵਧੀਆ ਪੰਜਾਬੀ ਬੋਲਣੀ ਅਤੇ ਲਿਖਣੀ ਜਾਣਦੀ ਹੈ।"
ਇਹ ਵੀ ਪੜ੍ਹੋ : ਸਾਬਕਾ ਮੰਤਰੀ ਗਿਲਜ਼ੀਆ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਰਾਹਤ