ਗੁਰਦਾਸਪੁਰ: ਪੰਜਾਬ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹੇ 'ਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹਰ ਉਹ ਕੋਸ਼ਿਸ਼ 'ਚ ਲੱਗੇ ਹਨ ਜਿਸ ਨਾਲ ਕੋਰੋਨਾ ਦੇ ਕਮਿਊਨਿਟੀ ਫੈਲਾਅ ਨੂੰ ਰੋਕਿਆ ਜਾ ਸਕੇ। ਗੁਰਦਾਸਪੁਰ 'ਚ ਵੀ ਡੀਸੀ ਵੱਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਲੋਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡੀਸੀ ਦੀ ਹਿਦਾਇਤਾਂ ਮੁਤਾਬਕ ਲੋਕ ਵੱਧ ਤੋਂ ਵੱਧ ਕੋਰੋਨਾ ਟੈਸਟ ਕਰਵਾਉਣ ਤਾਂ ਕਿ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਪਰ ਗੁਰਦਾਸਪੁਰ 'ਚ ਸਥਾਨਕ ਲੋਕਾਂ ਵੱਲੋਂ ਰੋਸ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਿਹਤ ਵਿਭਾਗ ਦੀ ਟੀਮ ਟੈਸਟ ਕਰ ਰਹੀਂ ਹੈ ਉਸ ਨਾਲ ਤਾਂ ਲੋਕਾਂ 'ਚ ਡਰ ਦਾ ਮਾਹੌਲ ਹੈ।
ਦੱਸਣਯੋਗ ਹੈ ਕਿ ਕੋਰੋਨਾ ਸੈਂਪਲ ਲੈਣ ਲਈ ਜਦੋਂ ਸਿਹਤ ਵਿਭਾਗ ਦੀ ਟੀਮ ਬਹਿਰਾਮਪੁਰ ਰੋਡ 'ਤੇ ਸਥਿਤ ਦੁਕਾਨਾਂ 'ਚ ਗਈ ਤਾਂ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ। ਸਥਾਨਕ ਲੋਕਾਂ ਨੇ ਕਿਹਾ ਕਿ ਸਿਹਤ ਵਿਭਾਗ ਧੱਕੇ ਨਾਲ ਲੋਕਾਂ ਦੇ ਕੋਰੋਨਾ ਸੈਂਪਲ ਲੈ ਰਹੀ ਹੈ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ ਅਤੇ ਉਨ੍ਹਾਂ ਦੀ ਦੁਕਾਨਦਾਰੀ ਖ਼ਰਾਬ ਹੋ ਰਹੀ ਹੈ।
ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਸਿਹਤ ਵਿਭਾਗ ਧੱਕੇ ਨਾਲ ਦੁਕਾਨਦਾਰਾਂ ਦੇ ਕੋਰੋਨਾ ਸੈਂਪਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਟਰੈਵਲ ਹਿਸਟਰੀ ਵੇਖਣ ਤੋਂ ਬਾਅਦ ਇਨ੍ਹਾਂ ਨੂੰ ਕੋਰੋਨਾ ਟੈਸਟ ਕਰਨੇ ਚਾਹੀਦੇ ਹਨ। ਦੁਕਾਨਦਾਰਾਂ ਨੇ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਦੂਜੇ ਪਾਸੇ ਸਿਹਤ ਵਿਭਾਗ ਦੀ ਟੀਮ ਦੇ ਡਾਕਟਰ ਭੂਪਿੰਦਰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਕਮ ਹਨ ਕਿ ਲੋਕਾਂ ਦੇ ਘਰ-ਘਰ ਅਤੇ ਦੁਕਾਨਾਂ 'ਤੇ ਜਾ ਕੇ ਕੋਰੋਨਾ ਸੈਂਪਲ ਇਕੱਠੇ ਕੀਤੇ ਜਾਣ ਪਰ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਰਹੇ ਹਨ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਲੋਕ ਡਰਨ ਨਾ ਅਤੇ ਆਪਣਾ ਕੋਰੋਨਾ ਟੈਸਟ ਕਰਵਾਉਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ।