ਚੰਡੀਗੜ੍ਹ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਬਜਟ 2021 ਪੇਸ਼ ਕਰਨ ਜਾ ਰਹੇ ਹਨ ਜਿਸ ਤੋਂ ਸਾਰਿਆਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ।
ਮੱਧਵਰਗੀ ਪਰਿਵਾਰਾਂ ਨੂੰ ਆਮਦਨ ਕਰ ਵਿੱਚ ਛੋਟ ਦੀ ਆਸ
ਬਜਟ ਕਿਸ ਤਰੀਕੇ ਦਾ ਹੋਣਾ ਚਾਹੀਦੈ ਇਸ ਬਾਰੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੋਰੋਨਾ ਕਰਕੇ ਅਰਥਵਿਵਸਥਾ ਕਾਫੀ ਡਾਵਾਂਡੋਲ ਰਹੀ ਹੈ। ਇਸ ਕਰਕੇ ਲੋਕਾਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਬਜਟ ਤੋਂ ਡਾਇਰੈਕਟ ਰਿਲੀਫ਼ ਜ਼ਰੂਰ ਮਿਲੇ ਅਤੇ ਮੱਧਵਰਗੀ ਪਰਿਵਾਰਾਂ ਨੂੰ ਆਮਦਨ ਕਰ ਵਿੱਚ ਛੋਟ ਦੀ ਆਸ ਲਾਈ ਬੈਠੇ ਹਨ।
ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਣ ਦੀ ਉਮੀਦ
ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਦਰਾਂ ਨੇ ਸਿੱਧੇ ਤੌਰ ਤੇ ਲੋਕਾਂ 'ਤੇ ਅਸਰ ਪਾਇਆ। ਇਸ ਕਰਕੇ ਉਮੀਦ ਇਹ ਵੀ ਜਤਾਈ ਜਾ ਰਹੀ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਈ ਬੈਠੇ ਹਨ ਕਿਸਾਨਾਂ ਨੂੰ ਰਾਹਤ ਦੇਣੀ ਬਹੁਤ ਜ਼ਰੂਰੀ ਹੈ।
ਕਿਸਾਨਾਂ ਨੂੰ ਮਿਲੇ ਪੈਨਸ਼ਨ
ਸਰਕਾਰ ਕਿਸਾਨਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਰਾਹਤ ਦੇ ਸਕਦੀ ਹੈ ਕਿਉਂਕਿ ਕਿਸਾਨਾਂ ਨੂੰ ਪੈਸੇ ਵਾਸਤੇ ਤਕਰੀਬਨ 5-6 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਜੇ ਕਿਸਾਨਾਂ ਨੂੰ ਪੈਨਸ਼ਨ ਮਿਲ ਜਾਵੇ ਤਾਂ ਉਨ੍ਹਾਂ ਦੇ ਰੋਜ਼ਾਨਾ ਦੇ ਖਰਚੇ ਪੂਰੇ ਹੋ ਸਕਣਗੇ। ਇਸਤੋਂ ਇਲਾਵਾ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਵਾਸਤੇ ਵੀ ਕੋਈ ਐਲਾਨ ਕਰਨਾ ਬਹੁਤ ਜ਼ਰੂਰੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਇਹ ਰਵੱਈਆ ਰਿਹਾ ਹੈ ਕਿ ਕਰਜ਼ੇ ਮਾਫ ਨਹੀਂ ਹੋਣਗੇ।
ਛੋਟੀ ਅਤੇ ਦਰਮਿਆਨੀ ਇੰਡਸਟਰੀ ਨੂੰ ਵੀ ਹੁਲਾਰਾ ਦੇਣਾ ਜ਼ਰੂਰੀ
ਛੋਟੀ ਅਤੇ ਦਰਮਿਆਨੀ ਇੰਡਸਟਰੀ ਨੂੰ ਵੀ ਹੁਲਾਰਾ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਦਾ ਬਹੁਤ ਬੁਰਾ ਹਾਲ ਹੈ। ਇਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਜਿਹੜੀ ਉਦਯੋਗ ਬੰਦ ਹੋ ਰਹੇ ਹਨ ਅਤੇ ਜਿਹੜੀਆਂ ਉਦਯੋਗਾਂ ਵਿੱਚ ਲੋਕਾਂ ਨੂੰ ਰੋਜ਼ਗਾਰ ਨਹੀਂ ਉਥੇ ਰੁਜ਼ਗਾਰ ਮਿਲੇਗਾ ਅਤੇ ਬੇਰੁਜ਼ਗਾਰੀ ਖ਼ਤਮ ਹੋਵੇਗੀ।
ਸਿਹਤ ਖੇਤਰ ਦੀ ਮਜ਼ਬੂਤੀ ਦੀ ਲੋੜ
ਪ੍ਰੋ ਮਨਜੀਤ ਸਿੰਘ ਨੇ ਕਿਹਾ ਕਿ ਬਜਟ ਲਿਆਉਣਾ ਇੱਕ ਟੈਕਨੀਕਲ ਜ਼ਰੂਰਤ ਹੈ ਕਿਉਂਕਿ ਜੇ ਬਜਟ ਪਾਸ ਨਹੀਂ ਹੁੰਦਾ ਤਾਂ ਅੱਗੇ ਖ਼ਰਚੇ ਨਹੀਂ ਕਰ ਸਕਦੇ। ਜੇ ਅਸੀਂ ਸੋਚਦੇ ਹਾਂ ਕਿ ਵਿਕਾਸ ਦੇ ਨਵੇਂ ਮਾਡਲ ਵਾਸਤੇ ਬਜਟ ਆ ਗਿਆ ਤਾਂ ਉਹ ਨਹੀਂ ਦਿਖ ਰਿਹਾ। ਸਿੱਖਿਆ ਪ੍ਰਾਈਵੇਟ ਸੈਕਟਰ ਵਿੱਚ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਸਿਹਤ ਖੇਤਰ ਵੀ ਮਜ਼ਬੂਤ ਹੋਣਾ ਚਾਹੀਦਾ ਹੈ।
ਸੁਖਬੀਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ ਕਿ ਲੱਗ ਨਹੀਂ ਰਿਹਾ ਕਿ ਮੋਦੀ ਸਰਕਾਰ ਕੋਈ ਰਾਹਤ ਕਿਸਾਨਾਂ ਨੂੰ ਦੇਵੇਗੀ ਪਰ ਬਹੁਤ ਜ਼ਰੂਰੀ ਹੈ ਕਿ ਪੈਟਰੋਲੀਅਮ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ।ਬਜਟ ਪੂੰਜੀਵਾਦੀ ਤੋਂ ਹਟ ਕੇ ਆਮ ਲੋਕਾਂ ਵਾਸਤੇ ਹੋਣਾ ਚਾਹੀਦਾ ਹੈ।