ਜ਼ੀਰਕਪੁਰ: 27 ਅਕਤੂਬਰ ਦੀ ਰਾਤ ਨੂੰ ਕੈਥਲ ਤੋਂ ਟੈਂਪੂ ਲੈ ਕੇ ਚੰਡੀਗੜ੍ਹ ਆ ਰਹੇ ਇੱਕ ਵਿਅਕਤੀ ਉੱਪਰ ਚਾਕੂਆਂ ਅਤੇ ਡੰਡਿਆਂ ਨਾਲ ਹਮਲਾ ਕਰਨ ਵਾਲੇ ਤਿੰਨੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨੇ ਨੌਜਵਾਨ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ 'ਤੇ ਰਹਿ ਰਹੇ ਸਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਆਉਣ ਸਮੇਂ ਰਾਜੇਸ਼ ਕੁਮਾਰ ਨੂੰ ਤਿੰਨ ਨੌਜਵਾਨਾਂ ਨੇ ਰਾਹ ਪੁੱਛਣ ਦੇ ਬਹਾਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਜ਼ੀਰਕਪੁਰ ਪੁਲਿਸ ਨੇ ਉਨ੍ਹਾਂ ਤਿੰਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਐਸ.ਐਚ.ਓ. ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਰਾਜੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਉੱਤੇ ਅਤੇ ਹੋਰ ਪੁਖਤਾ ਸਬੂਤਾਂ ਨਾਲ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਵਿੱਚ ਸਾਇੰਟਿਫ਼ਿਕ ਢੰਗ ਵੀ ਅਪਣਾਇਆ ਗਿਆ।
ਕਥਿਤ ਦੋਸ਼ੀਆਂ ਦੀ ਪਹਿਚਾਣ ਅਰਜੁਨ ਕੁਮਾਰ ਫ਼ੇਸ 2, ਲਛਮਣ ਕੁਮਾਰ ਵਾਸੀ ਧੱਕਾ ਕਾਲੋਨੀ ਅਤੇ ਅਸੀਸ ਰਾਣਾ ਚੰਡੀਗੜ੍ਹ ਦੇ ਰੈਪਰ ਖ਼ੁਰਦ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਬਲਟਾਣਾ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲੋਕ ਪਹਿਲਾਂ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ ਅਤੇ ਚੰਡੀਗੜ੍ਹ ਵਿੱਚ ਇਹ ਨਾਜਾਇਜ਼ ਸ਼ਰਾਬ ਦਾ ਧੰਦਾ ਵੀ ਕਰਦੇ ਹਨ।
ਥਾਣਾ ਐਸ.ਐਚ.ਓ. ਨੇ ਦੱਸਿਆ ਕਿ ਉਸ ਦਿਨ ਰਾਤ ਨੂੰ ਵੀ ਇਹ ਲੋਕ ਨਾਜਾਇਜ਼ ਸ਼ਰਾਬ ਵੇਚ ਕੇ ਜ਼ੀਰਕਪੁਰ ਵੱਲ ਆ ਰਹੇ ਸਨ, ਜਦੋਂ ਰਾਜੇਸ਼ ਕੁਮਾਰ ਦਾ ਇਨ੍ਹਾਂ ਦੇ ਨਾਲ ਝਗੜਾ ਹੋਇਆ। ਹਮਲੇ ਵਿੱਚ ਜ਼ਖ਼ਮੀ ਰਾਜੇਸ਼ ਕੁਮਾਰ ਦਾ ਇਹ ਲੋਕ ਪਰਸ ਅਤੇ ਹੋਰ ਚੀਜ਼ਾਂ ਵੀ ਖੋਹ ਕੇ ਲੈ ਗਏ ਸਨ।
ਉਨ੍ਹਾਂ ਕਿਹਾ ਕਿ ਹੋਰ ਪੁੱਛਗਿੱਛ ਲਈ ਪੁਲਿਸ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਰਹੀ ਹੈ।