ਚੰਡੀਗੜ੍ਹ : ਮੀਂਹ ਦੇ ਕਾਰਨ ਬਹੁਤੇ ਸੂਬਿਆਂ ਵਿੱਚ ਹੜ ਜਿਹੇ ਹਾਲਾਤ ਬਣੇ ਹੋਏ ਹਨ। ਪੰਜਾਬ ਨਾਲ ਲੱਗਦੇ ਸੂਬੇ ਹਿਮਾਚਲ ਵਿੱਚ ਬੀਤੇ ਦਿਨੀਂ ਬੱਦਲ ਫੱਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਦੇ ਵਿੱਚ ਵੀ ਕੀ ਹੜ ਜਿਹੇ ਹਾਲਾਤ ਬਣ ਸਕਦੇ ਹਨ ਇਸ ਮੁੱਦੇ ਉੱਤੇ ਈਟੀਵੀ ਭਾਰਤ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ ਨਾਲ ਖਾਸ ਗੱਲਬਾਤ ਕੀਤੀ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੜ ਜਿਹੇ ਹਾਲਾਤ ਨਹੀਂ ਹਨ। ਸੂਬੇ ਵਿੱਚ ਹਾਲਾਤ ਕੰਟਰੋਲ ਵਿੱਚ ਹਨ। ਬੀਬੀਐਮਬੀ ਅਤੇ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਦੇ ਨਾਲ ਸਥਿਤੀ ਨੂੰ ਕਾਬੂ ਕਰਨ ਦੀ ਸ਼ਮਤਾ ਰੱਖਦੇ ਹਾਂ। ਸੂਬੇ ਵਿੱਚ ਪਾਣੀ ਦਾ ਪੱਧਰ ਘੱਟ ਹੈ। ਸੂਬੇ ਵਿੱਚ ਵਾਧੂ ਮੀਂਹ ਪੈਣ ਦੀ ਲੋੜ ਹੈ ਅਤੇ ਅਸੀਂ ਇਸ ਦੀ ਉਮੀਦ ਵੀ ਕਰ ਰਹੇ ਹਾਂ।
ਭਿਆਨਕ ਗਰਮੀ ਦੇ ਵਿਚਾਲੇ ਭਾਖੜਾ ਡੈਮ ਤੋਂ ਪਾਣੀ ਦਾ ਪੱਧਰ 56.9ਫੁੱਟ ਹੇਠਾਂ ਆ ਗਿਆ ਹੈ। ਇਸ ਦਾ ਪੱਧਰ ਸਾਲ 2020 ਵਿੱਚ 1596.18 ਫੁੱਟ ਸੀ ਜੋ ਇਸ ਸਾਲ 1543.46 ਫੁੱਟ ਤੇ ਪਹੁੰਚ ਗਿਆ ਹੈ ਜੋ ਕੀ 1680 ਤੋ 1690 ਦੇ ਵਿਚਕਾਰ ਹੋਣਾ ਚਾਹੀਦਾ ਹੈ ।
ਪਾਣੀ ਦਾ ਪੱਧਰ ਡਿੱਗਣ ਕਾਰਨ ਬਿਜਲੀ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ । ਇਹ ਭੰਡਾਰ ਪੰਜਾਬ ਨੂੰ 194 ਲੱਖ ਯੂਨਿਟ ਬਿਜਲੀ ਸਪਲਾਈ ਕਰਦਾ ਹੈ ।ਜੇਕਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪਾਣੀ ਦਾ ਪੱਧਰ ਪਿਛਲੇ ਸਾਲ 1335.10 ਫੁੱਟ ਸੀ ਅਤੇ ਇਸ ਸਾਲ 1290.76 ਫੁੱਟ ਸੀ। ਹਾਲਾਂਕਿ ਧਰਮਸ਼ਾਲਾ ਵਿੱਚ ਬੱਦਲ ਫੱਟਣ ਦੇ ਕਾਰਨ ਪਾਣੀ ਦੇ ਪੱਧਰ 'ਚ 121903 ਕਿਊਸਿਕ ਪਾਣੀ ਦਾ ਇਜ਼ਾਫਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇ ਵਿਚ ਹੁਣ ਮੀਂਹ ਪੈ ਰਿਹਾ ਹੈ। ਉਸ ਵਿੱਚ 5000 ਤੋਂ 10000 ਕਿਊਸਿਕ ਪਾਣੀ ਇਕੱਠਾ ਹੋ ਰਿਹਾ ਜੋ ਕਿ ਪੌਂਗ ਡੈਮ ਵਿੱਚ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਤਿੱਨ ਲੱਖ ਕਿਊਸਿਕ ਪਾਣੀ ਦਾ ਪੱਧਰ ਪੌਂਗ ਡੈਮ ਵਿੱਚ ਪਹੁੰਚ ਗਿਆ ਹੈ ਜਿਸ ਕਰਕੇ ਹਿਮਾਚਲ ਅਤੇ ਪੰਜਾਬ ਦੇ ਹੇਠਲੇ ਇਲਾਕਿਆਂ ਦੇ ਵਿੱਚ ਹੜ ਜਿਹੇ ਹਾਲਾਤ ਨਹੀਂ ਬਣੇ ਹਨ।
ਉਨ੍ਹਾ ਨੇ ਇਹ ਵੀ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਹੈ। ਪਾਣੀ ਨੂੰ ਇੱਕਠਾ ਕਰਨ ਦੀ ਸਮਝਤਾ ਭਾਖੜਾ ਡੈਮ ਵਿੱਚ ਹੈ। ਜੇਕਰ ਹੇਠਲੇ ਖੇਤਰਾਂ ਵਿੱਚ ਮੀਂਹ ਪੈਦਾ ਹੈ ਤਾਂ ਸਟੇਟ ਅਥਾਰਿਟੀ ਨੂੰ ਅਲਰਟ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਮੌਸਮ ਵਿਭਾਗ ਅਤੇ ਬੀਬੀਐਮਬੀ ਦਾ ਤਾਲਮੇਲ ਰਹਿੰਦਾ ਹੈ ਅਤੇ ਦੋਵਾਂ ਡਿਪਾਰਟਮੈਂਟ ਇਕ ਦੂਜੇ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਵੱਲੋਂ ਲਗਾਏ ਅਨੁਮਾਨ ਦੇ ਮੁਤਾਬਿਕ ਅਸੀਂ ਆਪਣੀ ਤਿਆਰੀ ਕਰਦੇ ਹਨ।