ਚੰਡੀਗੜ੍ਹ: ਹੁਸ਼ਿਆਰਪੁਰ ਦੇ ਟਾਂਡਾ ਵਿਖੇ ਇੱਕ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਜਲਾ ਕੇ ਮਾਰਨ ਨੂੰ ਲੈ ਕੇ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ।
ਪੰਜਾਬ ਭਰ ਵਿੱਚ ਬੀਜੇਪੀ ਵੱਲੋਂ ਕਾਂਗਰਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੀ ਬੀਜੇਪੀ ਦੇ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਬੀਜੇਪੀ ਮਹਿਲਾ ਵਿੰਗ ਦੀ ਪ੍ਰਧਾਨ ਮੋਨਾ ਜੈਸਵਾਲ ਦੀ ਅਗਵਾਈ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਬੀਜੇਪੀ ਦੀਆਂ ਮਹਿਲਾ ਮੈਂਬਰਾਂ ਅਤੇ ਪੁਲਿਸ ਦੀਆਂ ਮਹਿਲਾਵਾਂ ਵਿਚਕਾਰ ਕਾਫ਼ੀ ਧੱਕਾ-ਮੁੱਕੀ ਵੀ ਹੋਈ।
ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਇਸ ਦੌਰਾਨ ਮਹਿਲਾਵਾਂ ਵਰਕਰਾਂ ਵੱਲੋਂ ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ।
ਤਕਰੀਬਨ ਅੱਧੇ ਘੰਟੇ ਤੱਕ ਧਰਨਾ ਦੇਣ ਮਗਰੋਂ ਪੰਜਾਬ ਬੀਜੇਪੀ ਮਹਿਲਾ ਦੀ ਪ੍ਰਧਾਨ ਮੋਨਾ ਜੈਸਵਾਲ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਹ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਕਰ ਕੇ ਹੀ ਇਥੇ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਨੇ ਆਖਿਆ ਕਿ ਦੇਸ਼ ਵੀ ਬਹੁ-ਬੇਟੀਆਂ ਸੁਰੱਖਿਅਤ ਨਹੀਂ ਹਨ, ਜਦਕਿ ਪੰਜਾਬ ਦੀ ਕਾਂਗਰਸ ਨੇ ਚੁੱਪੀ ਵੱਟੀ ਹੋਈ ਹੈ।