ਚੰਡੀਗੜ੍ਹ: ਕੇਂਦਰ ਸਰਕਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਕਬੱਡੀ ਟੀਮ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਦਰਅਸਲ ਭਾਰਤੀ ਕਬੱਡੀ ਟੀਮ ਪਾਕਿਸਤਾਨ 'ਚ ਕਬੱਡੀ ਵਲਰਡ ਕੱਪ 'ਚ ਹਿੱਸਾ ਲੈਣ ਪਹੁੰਚੀ ਹੈ ਅਤੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਰਵਰ ਬੱਟ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਭਾਰਤੀ ਕਬੱਡੀ ਟੀਮ ਨੂੰ ਬੁਲਾਇਆ ਹੀ ਨਹੀਂ ਗਿਆ। ਇਸ ਮਾਮਲੇ 'ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਕਰੜੇ ਹੱਥੀ ਲਿਆ ਹੈ।
ਜਾਖੜ ਨੇ ਕਿਹਾ ਕਿ ਖਿਡਾਰੀਆਂ ਨੂੰ ਸੁਖਬੀਰ ਬਾਦਲ ਵੱਲੋਂ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡ ਮੰਤਰੀ ਕਿਰਨ ਰਿਜੀਜੂ ਕਹਿ ਰਹੇ ਹਨ ਕਿ ਉਨ੍ਹਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਦੂਜੇ ਪਾਸੇ ਸਰਕਾਰ ਵੀ ਕਹਿ ਰਹੀ ਹੈ ਕਿ ਉਨ੍ਹਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਹੈ, ਫੇਰ ਸੁਖਬੀਰ ਬਾਦਲ ਦੀ ਰਹਿਨੁਮਾਈ ਵਾਲੀ ਕਬੱਡੀ ਫੈਡਰੇਸ਼ਨ ਦੇ ਖਿਡਾਰੀ ਕਿਵੇਂ ਬਿਨ੍ਹਾਂ ਕਿਸੇ ਪਰਮਿਸ਼ਨ ਤੋਂ ਪਾਕਿਸਤਾਨ ਪਹੁੰਚ ਗਏ।
ਇਹ ਵੀ ਪੜ੍ਹੋ: ਅਯੁੱਧਿਆ ਰਾਮ ਮੰਦਰ ਨਿਰਮਾਣ ਦੀ ਤਰੀਕ ਦਾ 19 ਫਰਵਰੀ ਨੂੰ ਹੋ ਸਕਦੈ ਐਲਾਨ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਭਾਰਤੀ ਖਿਡਾਰੀ ਕਬੂਤਰਬਾਜ਼ੀ ਤਾਂ ਕਰਨ ਜਾਂਦੇ ਨਹੀਂ, ਹੁਣ ਸੁਖਬੀਰ ਬਾਦਲ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਕਿਉਂ ਪਾਕਿਸਤਾਨ ਭੇਜਿਆ ਹੈ। ਜਾਖੜ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਤੋਂ ਤਾਂ ਬੰਦੂਕਾਂ ਜਾਂ ਚਿੱਟਾ ਹੀ ਲਿਆ ਸਕਦੇ ਹਨ, ਜਿਹੜੀਆਂ ਦੋਹੇਂ ਚੀਜ਼ਾਂ ਦਾ ਜਵਾਬ ਭਾਰਤ ਸਰਕਾਰ ਨੂੰ ਦੇਣਾ ਪਵੇਗਾ। ਜਾਖੜ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।