ਚੰਡੀਗੜ੍ਹ: ਸ਼ਨਿਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਅਹੁੱਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਹ ਮੀਟਿੰਗ ਸੁਖਦੇਵ ਸਿੰਘ ਢੀਂਡਸਾ ਦੇ ਨਿਵਾਸ ਵਿੱਚ ਹੋਈ। ਇਸ ਵਿੱਚ ਮੌਜੂਦਾ ਹਾਲਾਤਾਂ ਉੱਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਫੈਡਰੇਸ਼ਨ ਦੇ ਸਾਬਕਾ ਅਹੁੱਦੇਦਾਰਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਵਿਸ਼ਵਾਸ ਦੁਆਇਆ ਕਿ ਉਹ ਉਨ੍ਹਾਂ ਦਾ ਸਾਥ ਦੇਣ ਲਈ ਵਚਨਬੱਧ ਹਨ।
ਫੈਡਰੇਸ਼ਨ ਦੇ ਸਮੂਹ ਸਾਬਕਾ ਅਹੁਦੇਦਾਰਾਂ ਨੇ ਇੱਕ ਸੁਰ ਹੋ ਕੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਜੋ ਵੀ ਪੰਥਕ ਰਵਾਇਤਾਂ ਦਾ ਪਿਛਲੇ ਸਮੇਂ ਦੌਰਾਨ ਘਾਣ ਕੀਤਾ ਗਿਆ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਲੀਹਾਂ ਉੱਤੇ ਲਿਆਉਣ ਲਈ ਸੁਖਦੇਵ ਸਿੰਘ ਢੀਂਡਸਾ ਨੇ ਜੋ ਬੀੜਾ ਚੁੱਕਿਆ ਹੈ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਢੀਂਡਸਾ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ ਤੇ ਅੱਜ ਤੋਂ ਅਸੀਂ ਆਪਣੀਆਂ ਸੇਵਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਸਮਰਪਿਤ ਕਰਦੇ ਹਾਂ।
ਢੀਂਡਸਾ ਨੇ ਸਾਬਕਾ ਫੈਡਰੇਸ਼ਨ ਨੇਤਾਵਾਂ ਵੱਲੋਂ ਪੰਥਕ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਹਰੇਕ ਖੇਤਰ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਢੀਂਡਸਾ ਤੋਂ ਇਲਾਵਾ ਨਿਧੜਕ ਸਿੰਘ ਬਰਾੜ, ਹਰਵਿੰਦਰ ਸਿੰਘ ਖਾਲਸਾ, ਐਡਵੋਕੇਟ ਜਸਵੀਰ ਸਿੰਘ ਘੁੰਮਣ, ਪਰਮਜੀਤ ਸਿੰਘ ਖ਼ਾਲਸਾ, ਦਵਿੰਦਰ ਸਿੰਘ ਸੋਢੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।
ਇਹ ਵੀ ਪੜ੍ਹੋ;ਮੋਗਾ ਵਿੱਚ ਦੂਜੀ ਵਾਰ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ