ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸੈਕਟਰ 3 ਸਥਿਤ ਪੰਜਾਬ ਭਵਨ ਵਿਖੇ ਪ੍ਰੈਸ ਵਾਰਤਾ ਕੀਤੀ। ਜਾਖੜ ਨੇ ਪ੍ਰੈਸ ਵਰਤਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਸਾਧੇ। ਇਸ ਦੌਰਾਨ ਫ਼ਾਜ਼ਿਲਕਾ ਤੋਂ ਕਈ ਪਿੰਡਾਂ ਦੇ ਸਰਪੰਚ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਨਾਲ ਪਿੰਡ ਹੀਰਾਂ ਵਾਲੀ ਵਿੱਚ ਲੱਗ ਰਹੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਨੂੰ ਲੈ ਕੇ ਸੁਨੀਲ ਜਾਖੜ ਕੋਲ ਪਹੁੰਚੇ।
ਇਸ ਦੌਰਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਬਾਰੇ ਕਿਹਾ ਕਿ ਉਹ 29 ਪਿੰਡਾਂ ਦੇ ਵੱਲੋਂ ਬਣਾਈ ਗਈ ਕਮੇਟੀ ਦਾ ਮੰਗ ਪੱਤਰ ਲੈ ਕੇ ਉਨ੍ਹਾਂ ਦੇ ਧਰਨੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ 28 ਅਗਸਤ 2015 ਨੂੰ ਅਕਾਲੀ ਦਲ ਗੱਠਜੋੜ ਭਾਜਪਾ ਦੀ ਸਰਕਾਰ ਸਮੇਂ ਇਹ ਲਾਈਸੰਸ ਫੈਕਟਰੀ ਲਗਾਉਣ ਲਈ ਦਿੱਤਾ ਗਿਆ ਸੀ ਤੇ ਉਸ ਸਮੇਂ ਐਕਸਾਈਜ਼ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਸੀ।
ਸੁਨੀਲ ਜਾਖੜ ਨੇ ਇਹ ਦਾਅਵਾ ਕੀਤਾ ਕਿ ਫੈਕਟਰੀ ਲਗਾਉਣ ਵਾਲੇ ਵਪਾਰੀ ਵੱਲੋਂ 13 ਕਰੋੜ ਰੁਪਏ ਦੇਣ ਦੀ ਗੱਲ ਆਖੀ ਜਾ ਰਹੀ ਹੈ, ਇਹ ਪੈਸੇ ਕਿਸ ਨੇ ਕਦੋਂ ਅਤੇ ਕਿੱਥੇ ਤੇ ਕਿਵੇਂ ਲਏ। ਇਸ ਬਾਰੇ ਵੀ ਸੁਖਬੀਰ ਬਾਦਲ ਦੱਸਣ ਜਦੋਂ ਸੁਨੀਲ ਜਾਖੜ ਨੂੰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਹੈ ਤਾਂ ਕੋਈ ਜਾਂਚ ਕਰਨ ਬਾਰੇ ਮੁੱਖ ਮੰਤਰੀ ਨੂੰ ਕਹਿਣਗੇ ਜਾਂ ਨਹੀਂ।
ਇਹ ਵੀ ਪੜ੍ਹੋ: ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਈ ਐਂਟੀ ਕੋਰੋਨਾ ਡੋਜ਼
ਇਸ ਬਾਰੇ ਸੁਨੀਲ ਜਾਖੜ ਨੇ ਜਵਾਬ ਦਿੰਦਿਆਂ ਕਿਹਾ ਕਿ ਸ਼ਰਾਬ ਦੀ ਫੈਕਟਰੀ ਫ਼ਾਜ਼ਿਲਕਾ ਤੋਂ ਪਹਿਲਾਂ ਅਬੋਹਰ ਦੇ ਕਿਸੇ ਪਿੰਡ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉੱਥੇ ਦੇ ਲੋਕਾਂ ਨੇ ਵੀ ਸ਼ਰਾਬ ਦੀ ਫੈਕਟਰੀ ਨਹੀਂ ਲੱਗਣ ਦਿੱਤੀ। ਹਾਲਾਂਕਿ ਇਥੇ ਲੱਗਣ ਵਾਲੀ ਸ਼ਰਾਬ ਦੀ ਫੈਕਟਰੀ ਵਿੱਚ ਕਾਂਗਰਸੀ ਮੰਤਰੀ ਦਾ ਵੀ ਨਾਮ ਆ ਰਿਹਾ ਹੈ। ਉਸ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਵੀ ਬੰਦੇ ਦਾ ਹਿੱਸਾ ਜਾਂ ਨਾਮ ਆਵੇਗਾ, ਉਸ ਉੱਪਰ ਸਰਕਾਰ ਸਖ਼ਤ ਕਾਰਵਾਈ ਕਰੇਗੀ।
ਜਾਖੜ ਨੇ ਕਿਹਾ ਕਿ ਉਕਤ ਲਾਇਸੈਂਸ ਅਕਾਲੀ ਦਲ ਦੇ ਕਿਸੇ ਚਹੇਤੇ ਨੂੰ ਦਿੱਤਾ ਗਿਆ ਜਿਸ ਨੇ ਹੁਣ ਕਿਸੇ ਉਦਯੋਗਪਤੀ ਨੂੰ ਉਕਤ ਲਾਇਸੈਂਸ 13 ਕਰੋੜ ਰੁਪਏ ਵਿਚ ਵੇਚ ਦਿੱਤਾ ਹੈ। ਉਨਾਂ ਨੇ ਕਿਹਾ ਕਿ ਉਹ ਉਕਤ ਉਦਯੋਗਪਤੀ ਨਾਲ ਵੀ ਗੱਲਬਾਤ ਕਰਕੇ ਉਸਨੂੰ ਇਸ ਇਲਾਕੇ ਵਿਚ ਇਸ ਤਰਾਂ ਦੀ ਸਨਅੱਤ ਨਾ ਲਗਾਉਣ ਲਈ ਰਾਜੀ ਕਰਣਗੇ ਪਰ ਉਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਵੰਗਾਰਿਆ ਕਿ ਉਹ ਉਨਾਂ ਦੇ ਨਾਂਅ ਜਨਤਕ ਕਰਨ ਜਿੰਨਾਂ ਦੀ ਸਿਫਾਰਸ਼ ਅਤੇ ਇਸ ਤਰਾਂ ਦੇ ਆਪਣੇ ਚਹੇਤੇ ਨੂੰ ਲਾਇਸੈਂਸ ਦਿੱਤਾ ਗਿਆ ਜੋ ਕਿ ਅੱਗੋਂ ਲਾਇਸੈਂਸ ਸ਼ਰੇਆਮ ਵੇਚ ਰਿਹਾ ਹੈ।
ਇਸ ਮੌਕੇ ਉਨਾਂ ਨੇ ਆਪ ਪਾਰਟੀ ਦੇ ਆਗੂਆਂ ਤੇ ਵੀ ਹਮਲਾ ਕਰਦਿਆਂ ਕਿਹਾ ਕਿ ਉਹ ਹੀਰਾਂ ਵਾਲੀ ਵਿਚ ਤਾਂ ਆਖ ਆਏ ਸਨ ਕਿ ਅਸੀਂ ਵਿਧਾਨ ਸਭਾ ਵਿਚ ਮੁੱਦਾ ਉਠਾਵਾਂਗੇ ਪਰ ਅਸਲ ਵਿਚ ਵਿਧਾਨ ਸਭਾ ਵਿਚ ਇਹ ਮੁੱਦਾ ਫਾਜ਼ਿਲਕਾ ਦੇ ਨੁੰਮਾਇੰਦੇ ਅਤੇ ਕਾਂਗਰਸ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਹੀ ਉਠਾਇਆ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿੰਨਾਂ ਨੇ ਹੀਰਾਂ ਵਾਲੀ ਅਤੇ ਆਸਪਾਸ ਦੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਇੱਥੇ ਸ਼ਰਾਬ ਫੈਕਟਰੀ ਦਾ ਲਾਇਸੈਂਸ ਦਿੱਤਾ ਸੀ, ਉਹੀ ਲੋਕ ਅੱਜ ਲੋਕਾਂ ਦੇ ਹਿਤੂ ਹੋਣ ਦਾ ਡਰਾਮਾ ਕਰ ਰਹੇ ਹਨ, ਪਰ ਲੋਕ ਹੁਣ ਅਜਿਹੇ ਲੋਕਾਂ ਦੀਆਂ ਸਿਆਸੀ ਚਾਲਾਂ ਨੂੰ ਭਲੀਭਾਂਤ ਸਮਝਦੇ ਹਨ।