ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਦਾ ਐਲਾਨ (Announcement of Punjab Assembly Elections 2022) ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਚੋਣ ਪ੍ਰਚਾਰ ਕਰ ਰਹੇ ਹਨ। ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਬੀਤੇ ਦਿਨ ਕਈ ਚਿਰ ਦੀਆਂ ਕਿਆਸਰਾਈਆਂ ਮਗਰੋਂ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦੇ ਖਿਲਾਫ ਹੁਣ ਕਾਂਗਰਸ ਚ ਬਗਾਵਤੀ ਸੂਰ ਦੇਖਣ ਨੂੰ ਮਿਲ ਰਿਹਾ ਹੈ।
ਮੁੜ ਕਾਂਗਰਸ ਚ ਦਿਖਾਈ ਦਿੱਤੀ ਬਗਾਵਤ
ਮਾਲਵਿਕਾ ਸੂਦ ਦਾ ਕਾਂਗਰਸ ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਚ ਇੱਕ ਵਾਰ ਫਿਰ ਤੋਂ ਬਗਾਵਤੀ ਸੂਰ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਮਾਲਵਿਕ ਸੂਦ ਮੋਗਾ ਤੋਂ ਕਾਂਗਰਸ ਦੀ ਵਿਧਾਨਸਭਾ ਚੋਣ ਦੀ ਉਮੀਦਵਾਰ ਹੋ ਸਕਦੀ ਹੈ। ਉੱਥੇ ਹੀ ਮੌਜੂਦਾ ਵਿਧਾਇਕ ਹਰਜੋਤ ਕੰਵਲ ਇਸ ’ਤੇ ਇਤਰਾਜ ਜਤਾ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜਿਵੇਂ ਉਹ ਅੱਧੀ ਰਾਤ ਨੂੰ ਵੀ ਲੋਕਾਂ ਦੀ ਮਦਦ ਦੇ ਲਈ ਜਾਂਦੇ ਹਨ ਉਸੇ ਤਰ੍ਹਾਂ ਮਾਲਵਿਕਾ ਸੂਦ ਨਹੀਂ ਜਾ ਸਕਦੀ। ਜਿਸ ਦੇ ਜਵਾਬ ਚ ਮਾਲਵਿਕਾ ਸੂਦ ਨੇ ਕਿਹਾ ਸੀ ਕਿ ਲੜਕੀ ਹਾਂ ਲੜ ਵੀ ਸਕਦੀ ਹਾਂ ਅਤੇ ਜਾ ਵੀ ਸਕਦੀ ਹਾਂ।
ਹਰਜੋਤ ਕੰਵਲ ਨੂੰ ਮਨਾ ਲਿਆ ਜਾਵੇਗਾ- ਸੀਐੱਮ ਚੰਨੀ
ਹਾਲਾਂਕਿ ਬੀਤੇ ਦਿਨ ਹਰਜੋਤ ਕੰਵਲ ਦੇ ਕਈ ਸਮਰਥਕ ਵੀ ਆਪਣਾ ਅਸਤੀਫਾ ਦੇਣ ਨੂੰ ਤਿਆਰ ਦਿਖਾਈ ਦਿੱਤੇ। ਇਸ ਪੂਰੇ ਮਾਮਲੇ ’ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ ਹਰਜੋਤ ਕੰਵਲ ਨੂੰ ਮਨਾ ਲੈਣਗੇ। ਇਸੇ ਸਬੰਧ ਚ ਅੱਜ ਮੁੱਖ ਮੰਤਰੀ ਵਿਧਾਇਕ ਹਰਜੋਤ ਕੰਵਲ ਦੇ ਨਾਲ ਬੈਠਕ ਕਰ ਰਹੇ ਹਨ।
ਕਾਂਗਰਸ ਨੂੰ ਅੱਗੇ ਲੈ ਕੇ ਜਾਣਾ ਮੇਰਾ ਮਕਸਦ- ਮਾਲਵਿਕਾ
ਮਾਲਵਿਕਾ ਸੂਦ ਨੇ ਕਾਂਗਰਸ ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਸੀ ਕਿ ਮੈਂ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਸਾਹਬ ਦਾ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਘਰ ਆਏ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੀ ਮੇਰਾ ਮਕਸਦ ਹੈ।
ਕਾਬਿਲੇਗੌਰ ਹੈ ਕਿ ਇੱਕ ਪਾਸੇ ਜਿੱਥੇ ਹੋਰ ਪਾਰਟੀਆਂ ਵੱਲੋਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਾਂਗਰਸ ਦਾ ਆਪਸੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਕ ਵਾਰ ਫਿਰ ਤੋਂ ਕਾਂਗਰਸ ਨੂੰ ਪਾਰਟੀ ਚ ਬਗਾਵਤੀ ਸੂਰ ਉੱਠਣ ਦਾ ਡਰ ਸਤਾ ਰਿਹਾ ਹੈ ਸ਼ਾਇਦ ਇਸੇ ਲਈ ਉਨ੍ਹਾਂ ਨੂੰ ਉਮੀਦਵਾਰਾਂ ਦੀ ਚੋਣ ਕਰਨ ਚ ਦੇਰੀ ਹੋ ਰਹੀ ਹੈ।
ਇਹ ਵੀ ਪੜੋ: ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ