ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਪਰਿਵਾਰ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਦੋਸ਼ੀਆਂ ਨੂੰ ਜ਼ਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਇਸ ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।
ਚੰਡੀਗੜ੍ਹ ਟੈਕਨੀਕਲ ਏਅਰਪੋਰਟ ਉੱਪਰ ਮੁਲਾਕਾਤ ਹੋਈ ਹੈ। ਗ੍ਰਹਿ ਮੰਤਰੀ ਦੇ ਏਅਰਪੋਰਟ ਉੱਪਰ ਪਹੁੰਚਣ ਤੇ ਹੀ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਹੈ। ਪਿਛਲੇ ਦਿਨ੍ਹਾਂ ਵਿੱਚ ਪੰਜਾਬ ਭਾਜਪਾ ਦੀ ਲੀਡਰਸ਼ਿੱਪ ਵੱਲੋਂ ਮੂਸੇਵਾਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ ਸੀ। ਇਸ ਵਿੱਚ ਕੇਂਦਰ ਮੰਤਰੀ ਗਜੇਂਦਰ ਸ਼ੇਖਾਵਤ ਵੀ ਮੌਜੂਦ ਸਨ।
ਪਰਿਵਾਰ ਵੱਲੋਂ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ ਅਤੇ ਮਾਮਲੇ ਵਿੱਚ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਸੀ ਤਾਂ ਕਿ ਪੂਰਾ ਮਾਮਲਾ ਸਾਹਮਣੇ ਆ ਸਕੇ। ਇਸ ਸਬੰਧੀ ਜਾਣਕਾਰੀ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਵੀ ਦਿੱਤੀ ਗਈ ਸੀ।
ਦੱਸ ਦਈਏ ਕਿ ਕਤਲਕਾਂਡ ਹੋਏ ਨੂੰ 6 ਦਿਨ ਦਾ ਸਮਾਂ ਬੀਤ ਚੁੱਕਿਆ ਹੈ ਪਰ ਕਤਲਕਾਂਡ ਦੇ ਮੁੱਖ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਸ ਦੇ ਚੱਲਦੇ ਪਰਿਵਾਰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਪਿਛਲੇ ਦਿਨੀ ਹੀ ਪੰਜਾਬ ਦੀ ਸੀਐਮ ਭਗਵੰਤ ਮਾਨ ਵੱਲੋਂ ਮੂਸਾ ਪਿੰਡ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਭਰੋਸਾ ਦਿੱਤਾ ਗਿਆ ਸੀ। ਇਸ ਮੁਲਾਕਾਤ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਕਾਂਗਰਸ ਦੇ ਕਈ ਆਗੂਆਂ ਦੀ ਸੁਨੀਲ ਜਾਖੜ ਨਾਲ ਮੁਲਾਕਾਤ