ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਵੱਲੋਂ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕੀਤੀ ਹੈ। ਯੂਥ ਅਕਾਲੀ ਦਲ ਨੇ ਮੰਗ ਕੀਤੀ ਕਿ ਪਹਿਲਾਂ ਯੂਨੀਵਰਸਿਟੀ ਦਾ ਚਾਂਸਲਰ ਪੰਜਾਬ ਦਾ ਰਾਜਪਾਲ ਹੁੰਦਾ ਸੀ ਅਤੇ ਬਾਅਦ ਵਿਚ ਇਸ ਦਾ ਚਾਰਜ ਉਪ-ਰਾਸ਼ਟਰਪਤੀ ਨੂੰ ਦਿੱਤਾ ਗਿਆ ਪਰ ਇਹ ਵਿਵਸਥਾ ਖ਼ਤਮ ਕਰ ਦੇਣੀ ਚਾਹੀਦੀ ਹੈ।
ਰੋਮਾਣਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਰਾਜ ਕੁਮਾਰ ਆਰਐੱਸਐੱਸ ਤੇ ਭਾਜਪਾ ਨਾਲ ਰਲ ਕੇ ਯੂਨੀਵਰਸਿਟੀ ਦਾ ਸਰੂਪ ਜਾਣ ਬੁੱਝ ਕੇ ਬਦਲਣ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਆਰਐੱਸਐੱਸ ਯੂਨੀਵਰਸਿਟੀ ਨੂੰ ਆਰਐਸਐਸ ਦੇ ਏਜੰਡੇ ਅਨੁਸਾਰ ਖੇਤਰ ਦੇ ਨੌਜਵਾਨਾਂ ਦਾ ਬਰੇਨ ਵਾਸ਼ ਕਰਨ ਵਾਸਤੇ ਵਰਤਣਾ ਚਾਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਿੰਡੀਕੇਟ ਜੋ ਕਿ ਯੂਨੀਵਰਸਿਟੀ ਦੀ ਫ਼ੈਸਲਾ ਲੈਣ ਵਾਲੀ ਸਰਵਉੱਚ ਬਾਡੀ ਹੈ ਨਵੀਂ ਵਿਵਸਥਾ ਤਹਿਤ ਉਸ ਦੇ ਮੈਂਬਰਾਂ ਦੀ ਗਿਣਤੀ ਅਠਾਰਾਂ ਤੋਂ ਘਟਾ ਕੇ ਤੇਰਾ ਕੀਤੀ ਜਾਂਦੀ ਹੈ ਤੇ ਇਸ ਵਿਚੋਂ 10 ਮੈਂਬਰ ਨਾਮਜ਼ਦ ਹੋਣਗੇ ਜਦਕਿ ਤਿੰਨ ਐਕਸ ਆਫੀਸ਼ਿਓ ਹੋਣਗੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਦੀ ਮਾਲਵਾ ਪੱਟੀ ਦੇ ਸੱਤ ਜ਼ਿਲ੍ਹਿਆਂ ਦੇ ਦੋ ਸੌ ਕਾਲਜਾਂ ਦੀ ਮਾਨਤਾ ਖਤਮ ਕਰਕੇ ਯੂਨੀਵਰਸਿਟੀ ਦਾ ਖੇਤਰੀ ਅਧਿਕਾਰ ਖੇਤਰ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਤੋਂ ਕਿਤੇ ਨਾ ਕਿਤੇ ਇਹ ਸਾਫ ਹੋ ਰਿਹਾ ਹੈ ਕਿ ਪੰਜਾਬ ਦਾ ਸ਼ੇਅਰ ਜਾਣ ਬੁੱਝ ਕੇ ਘੱਟ ਕੀਤਾ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਇਸ ਵਿੱਚ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਕੇਂਦਰ ਸਰਕਾਰ ਦੇ ਖ਼ਿਲਾਫ਼ ਕੋਈ ਸਟੈਂਡ ਨਹੀਂ ਲੈਂਦੀ ਹੈ ਅਤੇ ਦੋਵੇਂ ਫਰੈਂਡਲੀ ਮੈਚ ਖੇਡ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸ਼ਾਨ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਕੋਰੋਨਾ ਦੀ ਤੀਜੀ ਲਹਿਰ ਲਈ ਫ਼ੰਡ ਕੀਤਾ ਜਾਰੀ