ਚੰਡੀਗੜ੍ਹ: ਰਾਜ ਸਭਾ ਸਾਂਸਦ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਾਨਾਸ਼ਾਹ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ 'ਤੇ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਮੁੱਖ ਮੰਤਰੀ 'ਤੇ ਨਸ਼ਾ ਤਸਕਰਾਂ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ।
ਦਰਅਸਲ, ਬਾਜਵਾ ਤੇ ਕੈਪਟਨ ਦੇ ਮਤਭੇਦ ਜ਼ਹਿਰੀਲੀ ਸ਼ਰਾਬ ਨਾਲ ਸੂਬੇ ਵਿੱਚ ਹੋਈਆਂ 120 ਤੋਂ ਵੱਧ ਮੌਤਾਂ ਤੋਂ ਬਾਅਦ ਮੁੜ ਖੁੱਲ੍ਹ ਕੇ ਸਾਹਮਣੇ ਆਇਆ ਹੈ। ਵੀਰਵਾਰ ਨੂੰ ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਮੁੱਖ ਮੰਤਰੀ ਖ਼ਿਲਾਫ਼ ਭੜਾਸ ਕੱਢੀ ਅਤੇ ਕਿਹਾ ਕਿ ਕੈਪਟਨ ਸਰਕਾਰ ਅਫ਼ਸਰਸ਼ਾਹੀ ਦੇ ਆਸਰੇ ਚੱਲ ਰਹੀ ਹੈ।
ਕੈਪਟਨ ਨਾਲ ਨਿੱਜੀ ਦੁਸ਼ਮਣੀ ਨਹੀਂ
ਬਾਜਵਾ ਨੇ ਕਿਹਾ ਕਿ ਮੇਰੀ ਕੈਪਟਨ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੀਪੀਸੀਸੀ ਪ੍ਰਧਾਨ ਵਜੋਂ ਮੇਰੀ 3 ਸਾਲ ਦੀ ਸਖ਼ਤ ਮਿਹਨਤ ਸੀ ਕਿ ਚੋਣਾਂ ਦੇ ਨਤੀਜੇ ਚੰਗੇ ਰਹੇ। ਮੇਰਾ ਕੋਈ ਨਿੱਜੀ ਏਜੰਡਾ ਨਹੀਂ। ਸਮੱਸਿਆ ਇਹ ਹੈ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਅਸੀਂ ਸਿਰਫ਼ ਦਰਸ਼ਕ ਬਣੇ ਨਹੀਂ ਰਹਿ ਸਕਦੇ।
ਬੇਅਦਬੀ ਮਾਮਲਿਆਂ 'ਤੇ ਮਤਭੇਦ
ਬਾਜਵਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਵੀ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਮਤਭੇਦ ਹਨ। ਪਿਛਲੀ ਅਕਾਲੀ ਸਰਕਾਰ ਨੇ ਸਿਆਸੀ ਲਾਹੇ ਲਈ ਡੇਰਾ ਸੱਚਾ ਸੌਦਾ ਨਾਲ ਹੱਥ ਮਿਲਾਇਆ ਸੀ, ਜਿਸ ਨੂੰ ਲੈ ਕੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸੀ ਅਤੇ 2 ਨੌਜਵਾਨਾਂ ਦੀ ਮੌਤ ਵੀ ਹੋਈ ਸੀ। ਕੈਪਟਨ ਅਮਰਿੰਦਰ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਵੀ ਪੂਰਾ ਨਹੀਂ ਹੋਇਆ।
ਸ਼ਰਾਬ ਕਾਂਡ 'ਤੇ ਘੇਰਿਆ
ਰਾਜ ਸਭਾ ਮੈਂਬਰ ਨੇ ਕਿਹਾ ਕਿ ਕੈਪਟਨ ਖ਼ੁਦ ਆਬਕਾਰੀ ਮੰਤਰੀ ਅਤੇ ਗ੍ਰਹਿ ਮੰਤਰੀ ਹਨ। ਬੀਤੇ 3 ਸਾਲ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ ਨੂੰ 2700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਨਾਲ 120 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਵੀ ਗੁਆਣੀ ਪਈ ਅਤੇ ਮੁੱਖ ਮੰਤਰੀ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫ਼ਲ ਰਹੇ ਹਨ।
ਕੈਪਟਨ ਨੂੰ ਹਟਾਉਣ ਦੀ ਜ਼ਰੂਰਤ
ਪ੍ਰਤਾਪ ਬਾਜਵਾ ਨੇ ਕਿਹਾ ਕਿ ਕੈਪਟਨ ਨੇ ਵਾਅਦਿਆਂ ਦੇ ਉਲਟ ਕੰਮ ਕੀਤਾ ਹੈ। ਇਸ ਲਈ ਲੋਕ ਸੋਚਦੇ ਹਨ ਕਿ ਅਸੀਂ ਲੋਕ ਫਤਵੇ ਦਾ ਨਿਰਾਦਰ ਕੀਤਾ ਹੈ। ਜੇ ਕਾਂਗਰਸ ਨੂੰ ਬਚਾਉਣਾ ਹੈ ਤਾਂ ਕੈਪਟਨ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਹਟਾਉਣ ਦਾ ਫ਼ੈਸਲਾ ਲੈਣਾ ਪਵੇਗਾ।