ਚੰਡੀਗੜ੍ਹ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੇ ਸੰਸਥਾਪਕ ਡਾਇਰੈਕਟਰ ਜਨਰਲ ਡਾ. ਰਘਬੀਰ ਸਿੰਘ ਖੰਡਪੁਰ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਡਾ. ਰਘਬੀਰ ਸਿੰਘ ਨੇ ਦਿੱਲੀ ਦੇ ਇੱਕ ਹਸਪਤਾਲ 'ਚ ਅੰਤਿਮ ਸਾਂਹ ਲਏ। ਡਾ. ਰਘਬੀਰ ਸਿੰਘ 77 ਸਾਲ ਦੇ ਸਨ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।
ਡਾ. ਰਘਬੀਰ ਸਿੰਘ ਨੇ 2002 ਤੋਂ 2014 ਤੱਕ ਸਾਇੰਸ ਸਿਟੀ 'ਚ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ ਸੀ। ਸਾਇੰਸ ਸਿਟੀ ਦੀ ਉਸਾਰੀ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਡਾ. ਰਘਬੀਰ ਸਿੰਘ ਇੱਕ ਇਲੈਕਟ੍ਰੀਕਲ ਇੰਜੀਨੀਅਰ ਵੀ ਸਨ, ਸਾਇੰਸ ਸਿਟੀ ਦੀਆਂ ਇਮਾਰਤਾਂ ਦਾ ਡਿਜਾਇਨ ਵੇਖ ਕੇ ਲੱਗਦਾ ਸੀ ਕਿ ਉਨ੍ਹਾਂ ਨੂੰ ਨਿਰਮਾਣ ਕਾਰਜਾਂ ‘ਚ ਵੀ ਪੂਰੀ ਮੁਹਾਰਤ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੈਂਸਰ ਦੇ ਇਲਾਜ ਲਈ ਭਾਰਤ ਵਿੱਚ ਬਣੀ ਪਹਿਲੀ ਮਸ਼ੀਨ ਦੇ ਨਿਰਮਾਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਇੰਜੀਨੀਅਰਿੰਗ ਦੀਆਂ ਕਈ ਪੁਸਤਕਾਂ ਵੀ ਲਿਖੀਆਂ ਜੋ ਵਿਦੇਸ਼ਾਂ ਵਿੱਚ ਵਿਦਿਆਰਥੀ ਪੜ੍ਹਦੇ ਹਨ।