ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕੋਰੋਨਾ ਵਾਇਰਸ ਦੀ ਆਫ਼ਤ ਦੌਰਾਨ ਕੁੱਝ ਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ 'ਤੇ ਗਹਿਰਾ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਅਤੇ ਸੂਫੀਆਨਾ-ਫਕੀਰਾਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਸਰਜ਼ਮੀਂ 'ਤੇ ਪੰਜਾਬੀਆਂ ਨੇ ਕਦੇ ਧਰਮ ਦੇ ਆਧਾਰ 'ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ।
ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਿਆਸੀ ਲੋਕਾਂ ਦੀ ਸੱਤਾ ਦੀ ਭੁੱਖ ਕਾਰਨ ਜੇਕਰ 1947 ਅਤੇ 1980 ਦੇ ਦਹਾਕੇ 'ਚ ਅਜਿਹੇ ਮਨਸੂਬਿਆਂ ਨੂੰ ਹਵਾ ਮਿਲੀ ਸੀ, ਤਾਂ ਉਸ ਦੀ ਕੀਮਤ ਹਾਲੇ ਤੱਕ ਚੁਕਾਉਣੀ ਪੈ ਰਹੀ ਹੈ, ਜਿਸ ਦਾ ਪਸ਼ਚਾਤਾਪ ਕਈ ਪੀੜੀਆਂ ਕਰਦੀਆਂ ਰਹਿਣਗੀਆਂ। ਇਸ ਲਈ ਪੰਜਾਬ ਦੀ ਧਰਤੀ 'ਤੇ ਕਿਸੇ ਵੀ ਧਾਰਮਿਕ ਵਿਤਕਰੇ ਜਾਂ ਪੱਖਪਾਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੋਵਾਂ ਵਿਧਾਇਕਾਂ ਨੇ ਕਿਹਾ ਕਿ ਇੱਕ ਖ਼ਾਸ ਸਿਆਸੀ ਜਮਾਤ ਨੂੰ ਖ਼ੁਸ਼ ਕਰਨ ਅਤੇ ਉਸ ਦੇ ਫ਼ਿਰਕੂ ਏਜੰਡੇ ਦੇ ਪ੍ਰਸਾਰ ਲਈ ਕੁੱਝ ਸ਼ਰਾਰਤੀ ਤੱਤ ਕੋਰੋਨਾ ਵਾਇਰਸ ਦੇ ਫੈਲਣ ਨੂੰ ਇੱਕ ਖ਼ਾਸ ਧਰਮ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਕਰ ਰਹੇ ਹਨ, ਜੋ ਸਹੀ ਨਹੀਂ ਹੈ। 'ਆਪ' ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ 'ਚ ਧਰਮ, ਜਾਤ-ਪਾਤ, ਖ਼ਿੱਤੇ ਅਤੇ ਸਿਆਸਤ ਤੋਂ ਉੱਤੇ ਉੱਠ ਕੇ ਇੱਕ ਦੂਜੇ ਦੀ ਹਰ ਸੰਭਵ ਮਦਦ ਕਰਨ ਜੋ ਆਪਣੇ ਆਪਣੇ ਘਰਾਂ 'ਚ ਬੈਠ ਕੇ ਹੋ ਸਕਦੀ ਹੈ।