ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਸੂਬੇ ਵਿੱਚ ਭਾਜਪਾ ਅਹੁਦੇਦਾਰਾਂ ਨੂੰ ਹਮਲਿਆਂ ਅਤੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਨੂੰ ਵੇਖਦਿਆਂ ਪੰਜਾਬ ਪੁਲਿਸ ਨੇ ਭਾਜਪਾ ਤੇ ਆਰਐਸਐਸ ਆਗੂਆਂ ਦੀ ਸੁਰੱਖਿਆ ਵਿੱਚ ਇਜ਼ਾਫ਼ਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਹੋ ਸਕਦਾ ਹੈ ਕਿ ਕੁੱਝ ਦਿਨਾਂ ਵਿੱਚ ਸੁਰੱਖਿਆ ਵਧਾ ਦਿੱਤੀ ਜਾਵੇ।
ਸੁਰੱਖਿਆ ਦੇਣਾ ਕਾਂਗਰਸ ਸਰਕਾਰ ਦਾ ਮਹਿਜ਼ ਇੱਕ ਡਰਾਮਾ
ਪੰਜਾਬ ਪੁਲਿਸ ਨੇ ਇਹ ਫ਼ੈਸਲਾ ਉਦੋਂ ਲਿਆ ਜਦੋਂ ਪਹਿਲੀ ਜਨਵਰੀ ਨੂੰ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਅੱਗੇ ਕੁੱਝ ਵਿਰੋਧੀਆਂ ਨੇ ਗੋਹਾ ਸੁੱਟ ਦਿੱਤਾ। ਪਰ ਸੁਰੱਖਿਆ ਦਿੱਤੇ ਜਾਣ ਨੂੰ ਵੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ ਨੂੰ ਕਾਂਗਰਸ ਸਰਕਾਰ ਦਾ ਮਹਿਜ਼ ਇੱਕ ਡਰਾਮਾ ਕਰਾਰ ਦਿੱਤਾ ਹੈ।
ਭਾਜਪਾ, ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰਨ ਲੱਗੀ
ਅਕਤੂਬਰ ਮਹੀਨੇ ਦੌਰਾਨ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ 'ਤੇ ਵੀ ਹਮਲਾ ਕੀਤਾ ਗਿਆ ਸੀ। ਭਾਜਪਾ ਆਗੂਆਂ 'ਤੇ ਆਏ ਦਿਨ ਹੋ ਰਹੇ ਹਮਲਿਆਂ ਦਰਮਿਆਨ ਭਾਜਪਾ ਦੇ ਵਫ਼ਦ ਨੇ ਰਾਜਪਾਲ ਵੀ.ਪੀ. ਬਦਨੌਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਸੀ। ਇਸ ਪਿੱਛੋਂ ਰਾਜਪਾਲ ਨੇ ਚੀਫ ਸੈਕਟਰੀ ਵਿੰਨੀ ਮਹਾਜਨ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਤਲਬ ਕੀਤਾ। ਇਸ ਮੁਲਾਕਾਤ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸਿ ਕਿ ਭਾਜਪਾ, ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰਨ ਲੱਗ ਗਈ ਹੈ।
ਆਰਐਸਐਸ ਆਗੂਆਂ ਨੂੰ 'ਵਾਈ' ਸੁਰੱਖਿਆ
ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਲਿਆ ਹੈ ਇਸ ਸਿਲਸਿਲੇ ਵਿੱਚ ਸ਼ਰਮਾ ਦੀ ਸੁਰੱਖਿਆ ਵੀ ਵਧਾਈ ਜਾਣੀ ਹੈ। ਹਾਲਾਂਕਿ ਸ਼ਰਮਾ ਨੂੰ ਪਹਿਲਾਂ ਹੀ ਕੇਂਦਰ ਸਰਕਾਰ ਨੇ 'ਵਾਈ' ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ ਇਵੇਂ ਹੀ ਆਰਐਸਐਸ ਆਗੂਆਂ ਨੂੰ ਸੁਰੱਖਿਆ ਦਿੱਤੀ ਜਾਣੀ ਹੈ।