ਲੁਧਿਆਣਾ: ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਸ਼ਾਦਮਾਨ ਸ਼ੌਂਕ ਦਾ ਨਾਂ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਰੱਖਣ ਅਤੇ ਉਨ੍ਹਾਂ ਦਾ ਬੁੱਤ ਲਾਉਣ ਦੀ ਸਕੀਮ ਉੱਤੇ ਹੁਣ ਨਵਾਂ ਵਿਵਾਦ ਛਿੜ ਗਿਆ ਹੈ। ਸੇਵਾ ਮੁਕਤ ਫੌਜ ਅਧਿਕਾਰੀ ਅਤੇ ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਦੀ ਰਾਏ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਲਾਹੌਰ ਕੋਰਟ ਦੇ ਵਿੱਚ ਇਹ ਜਾਣਕਾਰੀ ਲਿਖੀ ਗਈ ਹੈ। ਜਿਸ ਵਿੱਚ ਇਹ ਟਿੱਪਣੀ ਵੀ ਕੀਤੀ ਗਈ ਹੈ ਕਿ ਭਗਤ ਸਿੰਘ ਆਜ਼ਾਦੀ ਘੁਲਾਟੀਆਂ ਨਹੀਂ ਸਗੋਂ ਦਹਿਸ਼ਤਗਰਦ ਸੀ।
ਸ਼ਹੀਦ ਏ ਆਜ਼ਮ ਦੇ ਵਾਰਸਾਂ ਦਾ ਇਤਰਾਜ਼
ਪਾਕਿਸਤਾਨ ਦੀ ਸਰਕਾਰ ਨੇ ਇਹ ਕੋਰਟ ਦੇ ਵਿੱਚ ਜਵਾਬ ਦਿੱਤਾ ਹੈ। ਲਾਹੌਰ ਦੀ ਅਦਾਲਤ ਨੇ ਸਾਲ 2018 ਦੇ ਵਿੱਚ ਸ਼ਾਦਮਾਨ ਚੌਂਕ ਦਾ ਨਾ ਭਗਤ ਸਿੰਘ ਰੱਖਣ ਲਈ ਕਦਮ ਚੁੱਕਣ ਲਈ ਕਿਹਾ ਸੀ ਅਤੇ ਇਸ ਦੇ ਜਵਾਬ ਦੇ ਵਿੱਚ ਸਥਾਨਕ ਸਰਕਾਰ ਨੇ ਇਹ ਜਵਾਬ ਦਾਇਰ ਕੀਤਾ ਹੈ। ਪਾਕਿਸਤਾਨ ਦੀ ਸਥਾਨਕ ਸਰਕਾਰ ਵੱਲੋਂ ਇਹ ਜਵਾਬ ਦਾਇਰ ਕਰਨ ਤੋਂ ਬਾਅਦ ਇੱਕ ਨਵਾਂ ਵਿਵਾਦ ਛਿੜ ਗਿਆ ਹੈ ਅਤੇ ਭਗਤ ਸਿੰਘ ਦੇ ਪ੍ਰੇਮੀਆਂ ਖਾਸ ਕਰਕੇ ਭਗਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਦਾ ਵਿਰੋਧ ਵੀ ਜਤਾਇਆ ਹੈ।
ਕੋਝੀਆਂ ਚਾਲਾਂ ਨਾਲ ਫਰਕ ਨਹੀਂ ਪੈਣਾ
ਲੁਧਿਆਣਾ ਦੇ ਵਿੱਚ ਰਹਿੰਦੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਇਹ ਸਰਕਾਰਾਂ ਦਾ ਕੰਮ ਸ਼ੁਰੂ ਤੋਂ ਹੀ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਸਨ ਤਾਂ ਉਹ ਆਪਣੇ ਕੁਝ ਪਿੱਠੂ ਵੀ ਇੱਥੇ ਛੱਡ ਗਏ ਸਨ ਜੋ ਕਿ ਹੁਣ ਅਜਿਹੀਆਂ ਕੋਝੀਆਂ ਹਰਕਤਾਂ ਕਰਦੇ ਹਨ। ਇਸ ਨਾਲ ਭਗਤ ਸਿੰਘ ਦੇ ਅਕਸ ਨੂੰ ਕੋਈ ਫਰਕ ਨਹੀਂ ਪੈਂਦਾ ਸਗੋਂ ਜਦੋਂ ਇਹ ਗੱਲ ਉੱਠੇਗੀ ਤਾਂ ਨਾ ਸਿਰਫ ਭਾਰਤ ਵਿੱਚ ਰਹਿੰਦੇ ਲੋਕ ਸਗੋਂ ਪਾਕਿਸਤਾਨ ਵਿੱਚ ਰਹਿੰਦੇ ਲੋਕ ਵੀ ਭਗਤ ਸਿੰਘ ਬਾਰੇ ਹੋਰ ਰਿਸਰਚ ਕਰਨਗੇ। ਉਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹਨਗੇ ਕਿਉਂਕਿ ਇੰਟਰਨੈਟ ਉੱਤੇ ਇਹ ਸਾਰਾ ਕੁਝ ਉਪਲੱਬਧ ਹੈ।
ਸ਼ਾਦਮਾਨ ਚੌਂਕ ਦਾ ਕੀ ਸਬੰਧ?
ਪ੍ਰੋਫੈਸਰ ਜਗਮੋਹਨ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਭਗਤ ਸਿੰਘ ਨੂੰ ਨਹੀਂ ਪੈਂਦਾ, ਕਿਉਂਕਿ ਉਹ ਇੱਕ ਮਹਾਨ ਸ਼ਖਸ਼ੀਅਤ ਸਨ। ਉਹਨਾਂ ਇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਾਦਮਾਨ ਚੌਂਕ ਇਸ ਕਰਕੇ ਪ੍ਰਚਲਿੱਤ ਹੈ ਕਿਉਂਕਿ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਲਿਖਣ ਵਾਲੇ ਨੂੰ ਉਸ ਥਾਂ ਉੱਤੇ ਗੋਲੀ ਮਾਰੀ ਗਈ ਸੀ। ਉਹਨਾਂ ਇਹ ਵੀ ਕਿਹਾ ਕਿ ਜਿਸ ਨੂੰ ਨਾਸਤਿਕ ਕਿਹਾ ਜਾਂਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਧਰਮ ਨੂੰ ਨਹੀਂ ਮੰਨਦਾ,ਇਸ ਦਾ ਮਤਲਬ ਇਹ ਹੈ ਕਿ ਉਹ ਤਰਕ ਨੂੰ ਜ਼ਿਆਦਾ ਮੰਨਦਾ ਹੈ।