ਲੁਧਿਆਣਾ: ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬੀਤੇ ਦਿਨੀ ਕਿਸਾਨਾਂ ਦੇ ਖੱਜਲ ਖੁਆਰ ਹੋਣ ਦੀਆਂ ਖਬਰਾਂ ਲਗਾਤਾਰ ਨਸ਼ਰ ਹੋ ਰਹੀਆਂ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਮੰਡੀਆਂ ਦੇ ਵਿੱਚ ਉਨ੍ਹਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਇੱਕ ਪਾਸੇ ਜਿੱਥੇ ਲਿਫਟਿੰਗ ਨਹੀਂ ਹੋ ਰਹੀ। ਉੱਥੇ ਹੀ ਦੂਜੇ ਪਾਸੇ ਘੱਟ ਕੀਮਤਾਂ ਦੇ ਝੋਨਾ ਖਰੀਦਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦਾਅਵਾ ਕੀਤਾ ਹੈ ਕਿ ਜਿੱਥੇ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ 70 ਫੀਸਦੀ ਤੋਂ ਵੱਧ ਲਿਫਟਿੰਗ ਹੋ ਚੁੱਕੀ ਹੈ। ਉੱਥੇ ਹੀ ਉਨ੍ਹਾਂ ਨੇ ਅਦਾਇਗੀ ਨੂੰ ਲੈ ਕੇ ਵੀ ਕਿਹਾ ਕਿ ਵੱਡੇ ਪੱਧਰ 'ਤੇ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਮੰਡੀਆਂ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਐਮਐਸਪੀ ਤੋਂ ਹੇਠਾਂ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ। ਉਹ ਸਾਨੂੰ ਸ਼ਿਕਾਇਤ ਕਰਨ ਅਸੀਂ ਤੁਰੰਤ ਉਸ ਤੇ ਕਾਰਵਾਈ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਐਮਐਸਪੀ ਤੋਂ ਹੇਠਾਂ ਖਰੀਦਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈ। ਇਸ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਖੰਨਾ ਮੰਡੀ ਦਾ ਵੀ ਜਾਇਜ਼ਾ ਲਿਆ ਹੈ। ਉੱਥੇ ਵੀ ਹਾਲਾਤ ਠੀਕ ਹਨ ਅਤੇ ਲਗਾਤਾਰ ਖਰੀਦ ਹੋ ਚੁੱਕੀ ਹੈ। ਲਿਫਟਿੰਗ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
ਕਿਸਾਨ ਪਰੇਸ਼ਾਨ
ਜਦੋਂ ਕਿ ਦੂਜੇ ਪਾਸੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਕਿਸਾਨ ਅੱਜ ਵੀ ਰੁਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨਿੱਜੀਕਰਨ ਵੱਲ ਜਿਆਦਾ ਵਧਾਵਾ ਦੇ ਰਹੀਆਂ ਹਨ। ਹਾਲਾਤ ਇਹ ਹਨ ਕਿ ਮੰਡੀਆਂ ਦੇ ਵਿੱਚ 10-10 ਦਿਨ ਤੋਂ ਕਿਸਾਨ ਬੈਠੇ ਹਨ। ਉਨ੍ਹਾਂ ਦੀਆਂ ਫਸਲਾਂ ਨਹੀਂ ਚੁੱਕੀ ਜਾ ਰਹੀਆਂ, ਕਿਸਾਨ ਪਰੇਸ਼ਾਨ ਹੋ ਰਹੇ ਹਨ। ਫਿਰ ਵੀ ਸਰਕਾਰ ਹਰ ਰੋਜ਼ ਇਹ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਇੰਨੇ ਫੀਸਦੀ ਲਿਫਟਿੰਗ ਹੋ ਗਈ, ਇੰਨੇ ਫੀਸਦੀ ਅਦਾਇਗੀ ਕਰ ਦਿੱਤੀ ਹੈ।
ਨਹੀਂ ਹੋ ਰਹੀ ਲਿਫਟਿੰਗ
ਕਿਸਾਨ ਆਗੂ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਨਾ ਹੀ ਲਿਫਟਿੰਗ ਹੋ ਰਹੀ ਆ ਤੇ ਨਾ ਹੀ ਕਿਸਾਨਾਂ ਦੀ ਫਸਲ ਦੀ ਖਰੀਦ ਹੋ ਰਹੀ ਹੈ। ਹਾਲਾਂਕਿ ਇਹ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਰੂਰ ਇਹ ਦਾਅਵਾ ਕੀਤਾ ਹੈ ਕਿ ਵੱਡੇ ਪੱਧਰ 'ਤੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉੱਥੇ ਹੀ ਉਨ੍ਹਾਂ ਨੇ ਪਰਾਲੀ ਨੂੰ ਲੈ ਕੇ ਵੀ ਕਿਹਾ ਕਿ ਪਰਾਲੀ ਨੂੰ ਵੀ ਇਸ ਵਾਰ ਪਿਛਲੇ ਸਾਲ ਨਾਲੋਂ 70 ਫੀਸਦੀ ਘਟ ਅੱਗ ਲੱਗੀ ਹੈ।