ਮਾਨਸਾ: ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਦੇਖ ਇੱਕ ਵਾਰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਹਨਾਂ ਸੜਕਾਂ ਤੋਂ ਰੋਜ਼ਾਨਾ ਗੁਜਰਨ ਵਾਲੇ ਸ਼ਹਿਰ ਦੇ ਲੋਕ ਤਾਂ ਪਰੇਸ਼ਾਨ ਹਨ, ਪਰ ਸ਼ਹਿਰ ਦੇ ਲੋਕਾਂ ਨੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕਲੀ ਨਾਲ ਸਰਕਲ ਬਣਾਏ ਹਨ, ਤਾਂ ਕਿ ਦੂਰ ਤੋਂ ਹੀ ਪਤਾ ਲੱਗ ਸਕੇ ਕਿ ਸੜਕ ਦੇ ਵਿੱਚਕਾਰ ਡੂੰਘੇ ਟੋਏ ਖੱਡੇ ਨੇ ਤੇ ਜ਼ਰਾ ਬਚ ਕੇ ਚੱਲੋ।
ਤੁਸੀਂ ਮਾਨਸਾ ਸ਼ਹਿਰ ਦੇ ਵਿੱਚ ਦਾਖਲ ਹੋ ਗਏ ਹੋ, ਜਰਾ ਧਿਆਨ ਦੇ ਨਾਲ ਚੱਲੋ, ਕਿਉਂਕਿ ਮਾਨਸਾ ਸ਼ਹਿਰ ਦੀਆਂ ਸੜਕਾਂ ਵਿੱਚ ਪਏ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਅਜਿਹਾ ਸੁਨੇਹਾ ਮਾਨਸਾ ਵਾਸੀਆਂ ਵਲੋਂ ਦਿੱਤਾ ਜਾ ਰਿਹਾ ਹੈ।
ਚਾਲਕਾਂ ਨੂੰ ਅਲਰਟ
ਵਾਇਸ ਆਫ ਮਾਨਸਾ ਵੱਲੋਂ ਅੱਜ ਮਾਨਸਾ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਬਣੇ ਹੋਏ ਡੂੰਘੇ ਖੱਡਿਆਂ ਤੋਂ ਲੋਕਾਂ ਨੂੰ ਬਚਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਵਿਚਕਾਰ ਬਣੇ ਖੱਡਿਆਂ ਦੇ ਦੁਆਲੇ ਚਿੱਟੀ ਕਲੀ ਦੇ ਸਰਕਲ ਬਣਾਏ ਹਨ, ਤਾਂ ਕਿ ਦੂਰ ਤੋਂ ਹੀ ਚਾਲਕ ਨੂੰ ਪਤਾ ਲੱਗ ਸਕੇ ਕਿ ਅੱਗੇ ਸੜਕ ਦੇ ਵਿਚਕਾਰ ਡੂੰਘੇ ਟੋਏ ਬਣੇ ਹੋਏ ਹਨ।
ਖੱਡੇ ਬਿਆਨ ਕਰ ਰਹੇ ਮਾਨਸਾ ਦਾ ਵਿਕਾਸ
ਮਾਨਸਾ ਸ਼ਹਿਰ ਵਾਸੀ ਡਾਕਟਰ ਜਨਕ ਰਾਜ ਨੇ ਦੱਸਿਆ ਕਿ ਮਾਨਸਾ ਸ਼ਹਿਰ ਦਾ ਵਿਕਾਸ ਸ਼ਹਿਰ ਦੀਆਂ ਸੜਕਾਂ ਤੋਂ ਹੀ ਪਤਾ ਲੱਗ ਜਾਂਦਾ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੀ ਹਰ ਸੜਕ ਦੇ ਹਾਲਾਤ ਇਹ ਹਨ ਕਿ ਸੜਕਾਂ ਦੇ ਵਿਚਕਾਰ ਪਏ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਸੜਕ ਤੋਂ ਦਾਖਲ ਹੁੰਦੇ ਹੋ, ਤਾਂ ਸੜਕਾਂ ਵਿੱਚਕਾਰ ਬਣੇ ਡੂੰਘੇ ਟੋਏ ਤੁਹਾਡਾ ਸਵਾਗਤ ਕਰਨਗੇ। ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਇਹ ਨੇ ਕਿ ਇੱਕ ਪਾਸੇ ਸਰਕਾਰ ਵਿਕਾਸ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਮਾਨਸਾ ਦੀਆਂ ਸੜਕਾਂ ਦਾ ਤਾਂ ਪੈਚ ਵਰਕ ਤੱਕ ਨਹੀਂ ਕੀਤਾ ਜਾ ਰਿਹਾ।
ਮਾਨਸਾ ਵਾਸੀਆਂ ਦੀ ਪੰਜਾਬ ਸਰਕਾਰ ਨੂੰ ਅਪੀਲ
ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਥਾਨਕ ਸ਼ਹਿਰਾਂ ਦੇ ਮੰਤਰੀ ਅਤੇ ਡਾਇਰੈਕਟਰ ਤੋਂ ਲੈ ਕੇ ਹੇਠਾਂ ਨਗਰ ਕੌਂਸਲ ਦੇ ਪ੍ਰਧਾਨ ਤੱਕ ਇਹ ਜਰੂਰ ਧਿਆਨ ਦੇਣ ਕਿ ਮਾਨਸਾ ਸ਼ਹਿਰ ਦੇ ਵਿੱਚ ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਦੇ ਵੀਆਈਪੀ ਰੋਡ ਕਚਹਿਰੀ ਰੋਡ ਜਿਸ ਤੋਂ ਰੋਜ਼ਾਨਾ ਡੀਸੀ ਐਸਐਸਪੀ ਤੋਂ ਇਲਾਵਾ ਸਾਰੇ ਅਧਿਕਾਰੀ ਗੁਜ਼ਰਦੇ ਹਨ। ਇਸ ਦੇ ਨਾਲ ਹੀ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਦੇ ਹਾਲਾਤ ਬਦਤਰ ਬਣੇ ਹੋਏ ਹਨ। ਉਨ੍ਹਾਂ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ।