ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਹਿੰਦੂ ਧਾਰਮਿਕ ਡੇਰਿਆਂ ਦੇ ਮਹੰਤਾਂ ਤੇ ਸਾਧੂ ਸਮਾਜ ਵੱਲੋਂ ਆਪਣੇ ਉੱਤਰਾ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ। ਮੁੱਖ ਮੰਤਰੀ ਚੰਨੀ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਮਹੰਤ ਸ੍ਰੀ ਆਤਮਾ ਰਾਮ ਦੀ ਪਹਿਲਕਦਮੀ 'ਤੇ ਸਰਵ ਸੰਪਰਦਾਇ ਸਾਧੂ ਮੰਡਲ ਪਟਿਆਲਾ ਅਤੇ ਭੇਖ ਖਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਪੰਜਾਬ ਵੱਲੋਂ ਕਰਵਾਏ ਗਏ ਵਿਰਾਟ ਸੰਤ ਸਮੇਲਨ ਵਿੱਚ ਸ਼ਿਕਰਤ ਕਰਨ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਸਨ।
ਇਸ ਮੌਕੇ ਸੀਐਮ ਚੰਨੀ ਨੇ ਸਾਧੂ ਸਮਾਜ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਮੰਨਦਿਆਂ ਕਿਹਾ ਕਿ ਸੰਤਾਂ ਅਤੇ ਸਾਧੂ ਸਮਾਜ ਵੱਲੋਂ ਆਪਣੇ ਉੱਤਰਾ-ਅਧਿਕਾਰੀ ਦੀ ਚੋਣ ਬਾਰੇ ਫੈਸਲਾ ਸੰਤਾਂ ਦੀ ਪ੍ਰਥਾ ਹੈ ਅਤੇ ਇਸ ਦਾ ਫੈਸਲਾ ਵੀ ਸੰਤਾਂ ਵੱਲੋਂ ਹੀ ਕੀਤਾ ਜਾਵੇਗਾ, ਸਰਕਾਰ ਇਸ ਵਿੱਚ ਕੋਈ ਦਖਲਅੰਦਾਜੀ ਨਹੀਂ ਕਰੇਗੀ। ਉਨ੍ਹਾਂ ਕਿਹਾ ਪੰਜਾਬ ਭਰ 'ਚ ਇਸ ਤਰ੍ਹਾਂ ਦੇ ਬਾਕੀ ਇੰਤਕਾਲ ਤੁਰੰਤ ਕਰਵਾਉਣ ਦੇ ਹੁਕਮ ਦੇ ਦਿੱਤੇ ਜਾਣਗੇ ਅਤੇ ਸੰਤ ਸਮਾਜ ਜੋ ਚਾਹੇਗਾ ਉਸੇ ਮੁਤਾਬਕ ਹੀ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੰਤ ਆਪਣੀ ਗੱਦੀ ਆਪਣੇ ਕਿਸੇ ਚੇਲੇ ਨੂੰ ਦੇਣ ਦੀ ਵਸੀਅਤ ਕਰਕੇ ਸਵਰਗ ਸਿਧਾਰਨਗੇ ਤਾਂ ਉਸ ਨੂੰ ਸਰਕਾਰ ਮਾਨਤਾ ਦੇਵੇਗੀ ਪਰੰਤੂ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭੇਖ ਭਗਵਾਨ ਵੱਲੋਂ ਕੀਤੇ ਗਏ ਫੈਸਲੇ ਨੂੰ ਹੀ ਸਰਕਾਰ ਮਾਨਤਾ ਦੇਵੇਗੀ। ਉਨ੍ਹਾਂ ਕਿਹਾ ਕਿ ਸਾਧੂ ਸਮਾਜ ਦੀਆਂ ਮੁਸ਼ਕਿਲਾਂ ਸਰਕਾਰ ਪੱਧਰ 'ਤੇ ਹੱਲ ਆਪਣੇ ਆਪ ਕਰਵਾਉਣ ਲਈ ਸਾਧੂ ਸਮਾਜ ਦੀ ਨੁਮਾਇੰਦਗੀ ਕਰਦੇ ਮਹੰਤ ਆਤਮਾ ਰਾਮ ਨੂੰ ਸਰਕਾਰ ਵਿੱਚ ਕੈਬਨਿਟ ਰੈਂਕ ਦੇਣ ਦੀ ਵੀ ਪੇਸ਼ਕਸ਼ ਕੀਤੀ। ਮੁੱਖ ਮੰਤਰੀ ਨੇ ਸੰਤ ਸਮਾਜ ਨੂੰ ਆਪਣੇ ਮੋਰਿੰਡਾ ਸਥਿਤ ਘਰ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ, ਜਿਸ ਨੂੰ ਸੰਤ ਸਮਾਜ ਨੇ ਪ੍ਰਵਾਨ ਕਰ ਲਿਆ।
ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮਹੰਤ ਆਤਮਾ ਰਾਮ ਦੀ ਫ਼ਿਕਰਮੰਦੀ ਕਰਕੇ ਪੰਜਾਬ ਸਰਕਾਰ ਡੇਰਾ ਸੰਤਾਂ ਤੇ ਸਾਧੂ ਸਮਾਜ ਦੀਆਂ ਦਿਕਤਾਂ ਦੂਰ ਕਰਨ ਲਈ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ 1980 ਤੋਂ ਸਰਕਾਰਾਂ 'ਚ ਰਹੇ ਹਨ ਪਰੰਤੂ ਜੋ ਕੰਮ ਕਰਨ ਦਾ ਮਾਹੌਲ ਪਿਛਲੇ 3 ਮਹੀਨਿਆਂ 'ਚ ਬਣਿਆ ਹੈ ਅਤੇ ਸਰਕਾਰ ਦਾ ਜੋ ਨਵਾਂ ਰੂਪ ਇਸ ਵਾਰ ਦੇਖਿਆ ਹੈ ਉਹ ਪਹਿਲਾਂ ਕਦੇ ਨਹੀਂ ਬਣਿਆ।
ਇਸ ਤੋਂ ਪਹਿਲਾਂ ਮਹੰਤ ਆਤਮਾ ਰਾਮ ਨੇ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਦੇ ਸਾਦਗੀ ਅਤੇ ਸ਼ਰਧਾ ਭਾਵ ਦੀ ਸ਼ਲਾਘਾ ਕੀਤੀ। ਸਵਾਮੀ ਹਰਿ ਚੇਤਨਾ ਨੰਦ ਹਰਿਦੁਆਰ ਨੇ ਕਿਹਾ ਕਿ ਗੁਰੂ ਤੋਂ ਬਾਅਦ ਗੱਦੀ ਚੇਲੇ ਨੂੰ ਸੁਭਾਵਿਕ ਰੂਪ 'ਚ ਹੀ ਮਿਲਣੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਉਸ ਨੂੰ ਬਣਦੀ ਮਨਜ਼ੂਰੀ ਵੀ ਸੁਭਾਵਕ ਮਿਲਣੀ ਚਾਹੀਦੀ ਹੈ।
ਮਹੰਤ ਬਿਕਰਮਜੀਤ ਸਿੰਘ ਨੇ ਮੁੱਖ ਮੰਤਰੀ ਦੇ ਸਨਮੁੱਖ ਹਿੰਦੂ ਧਾਰਮਿਕ ਡੇਰਿਆਂ ਦੇ ਕਿਸੇ ਮਹੰਤ ਦੇ ਸਵਰਗ ਸਿਧਾਰ ਜਾਣ ਮਗਰੋਂ ਉਸਦਾ ਉਤਰਾ-ਅਧਿਕਾਰੀ ਮਹੰਤ ਥਾਪੇ ਜਾਣ ਦਾ ਮਸਲਾ ਉਠਾਉਂਦਿਆਂ ਕਿਹਾ ਕਿ ਮਹੰਤਾਂ ਦੀ ਨਿਯੁਕਤੀ ਸ਼ਾਹੀ ਫੁਰਮਾਨ ਦੀ ਥਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ, ਸਬੰਧਿਤ ਡੇਰੇ ਦੇ 50 ਕਿਲੋਮੀਟਰ ਦਾਇਰੇ ਅਧੀਨ ਨਾਮੀ-ਗਰਾਮੀ ਸੰਤਾਂ-ਮਹੰਤਾਂ ਦੀ ਮੂੰਹ ਬੋਲੀ ਸੰਸਥਾ ਭੇਖ ਭਗਵਾਨ ਵੱਲੋਂ ਕੀਤੇ ਜਾਣ ਦੇ ਅਧਾਰ 'ਤੇ ਹੀ ਕੀਤੀ ਜਾਵੇ।
ਇਸ ਮੌਕੇ ਸੰਤ ਸਮਾਜ ਦੇ ਹੋਰਨਾਂ ਨੁਮਾਇੰਦਿਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਭੇਖ ਵੱਲੋਂ ਕੀਤੀ ਨਿਯੁਕਤੀ ਨੂੰ ਸਰਕਾਰ ਪ੍ਰਵਾਨਗੀ ਦੇਵੇ ਅਤੇ ਇਸਦਾ ਇੰਤਕਾਲ ਐਫ.ਸੀ.ਆਰ. ਦਫ਼ਤਰ ਕੋਲ ਜਾਣ ਦੀ ਥਾਂ ਸਥਾਨਕ ਪੱਧਰ 'ਤੇ ਤੁਰੰਤ ਤਹਿਸੀਲਦਾਰ ਅਤੇ ਐਸ.ਡੀ.ਐਮ. ਵਲੋਂ ਹੀ ਕਰਵਾਇਆ ਜਾਵੇ। ਇਸ ਮੌਕੇ ਮੁੱਖ ਮੰਤਰੀ ਚੰਨੀ ਅਤੇ ਬ੍ਰਹਮ ਮਹਿੰਦਰਾ ਨੂੰ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ: Punjab Assembly Elections 2022: 'ਕਾਂਗਰਸ ਕੋਲ ਹੋਏ 2 ਸਿੱਧੂ, ਇੱਕ ਸਿੱਧੂ ਮੂਸੇਵਾਲਾ, ਦੂਜਾ ਸਿੱਧੂ ਗੁੱਸੇ ਵਾਲਾ'