ਚੰਡੀਗੜ੍ਹ: ਪੰਜਾਬ ਭਵਨ ਵਿਖੇ ਮੁੱਖ ਮੰਤਰੀ ਦੇ ਸਕੱਤਰ ਸੁਰੇਸ਼ ਕੁਮਾਰ ਨੇ ਈਟੀਟੀ ਅਤੇ ਟੈੱਟ ਪਾਸ ਬੀਐਡ ਬੇਰੁਜ਼ਗਾਰ ਅਧਿਆਪਕਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਅਧਿਆਪਕਾਂ ਨੂੰ ਭਰੋਸਾ ਦਿੱਤਾ ਗਿਆ ਕਿ 16 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਜਾਣਗੇ।
ਦੱਸ ਦਈਏ ਕਿ ਲਗਾਤਾਰ 6 ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਬਾਹਰ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪਟਿਆਲਾ ਵਿਖੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਵੀ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕਰ ਪਰਚੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ: ਯੈਸ ਬੈਂਕ ਮਾਮਲਾ: ਈਡੀ ਨੇ ਲੋਨ ਬਦਲੇ ਰਾਣਾ ਕਪੂਰ ਤੋਂ 5 ਹਜ਼ਾਰ ਕਰੋੜ ਦੀ ਰਿਸ਼ਵਤ ਲੈਣ ਦਾ ਕੀਤਾ ਦਾਅਵਾ
ਇਸ ਤੋਂ ਬਾਅਦ ਅੱਜ ਪੰਜਾਬ ਭਵਨ ਵਿਖੇ ਸੁਰੇਸ਼ ਕੁਮਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਪ੍ਰੈੱਸ ਵਾਰਤਾ ਕਰ ਖੁਸ਼ਖ਼ਬਰੀ ਦੇਣਗੇ।
ਫਿਲਹਾਲ ਸੰਗਰੂਰ ਅਤੇ ਪਟਿਆਲਾ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਜੇਕਰ 16 ਤਰੀਕ ਨੂੰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬੇ ਭਰ ਵਿੱਚ ਉਨ੍ਹਾਂ ਵੱਲੋਂ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਜਾਵੇਗਾ।