ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ (punjab cabinet)ਨੇ ਪੰਜਾਬ ਦੇ 25 ਹਜਾਰ ਨੌਜਵਾਨਾਂ ਨੂੰ ਨੌਕਰੀਆਂ (punjab cabinet approves 25 thousand jobs to youth)ਦੇਣ ਨੂੰ ਮੰਜੂਰੀ ਦਿੱਤੀ ਹੈ। ਇਨ੍ਹਾਂ ਵਿੱਚ 10 ਹਜਾਰ ਨੌਕਰੀਆਂ ਪੁਲਿਸ ਵਿੱਚ ਦਿੱਤੀਆਂ ਜਾਣਗੀਆਂ ਤੇ ਬਾਕੀ 15 ਹਜਾਰ ਹੋਰ ਮਹਿਕਮਿਆਂ ਵਿੱਚ ਭਰਤੀ ਕੀਤੀ ਜਾਵੇਗੀ। ਮੀਟਿੰਗ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮਤੇ ਨੂੰ ਵਿਧਾਨ ਸਭਾ ਵਿੱਚ ਪਾਸ ਕਰਵਾਇਆ ਜਾਵੇਗਾ ਤੇ ਇੱਕ ਮਹੀਨੇ ਵਿੱਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਰੋਜਗਾਰੀ ਬਹੁਤ ਵੱਡਾ ਮਸਲਾ ਹੈ ਤੇ ਇਸ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਣਾ ਜਰੂਰੀ ਹੈ।
ਇਥੇ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਇਨ੍ਹਾਂ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨੌਕਰੀਆਂ ਡਿਗਰੀ ਦੇ ਹਿਸਾਬ ਨਾਲ ਦਿੱਤੀਆਂ ਜਾਣਗੀਆਂ। ਨੌਕਰੀਆਂ ਵਿੱਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਤੇ ਚੋਣਾਂ ਦੌਰਾਨ ਦਿੱਤੀਆਂ ਗਰੰਟੀਆਂ ਇੱਕ-ਇੱਕ ਕਰਕੇ ਪੂਰੀਆਂ ਕੀਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ।
ਕੈਬਨਿਟ ਦੀ ਪਲੇਠੀ ਮੀਟਿੰਗ ਅੱਧੇ ਘੰਟੇ ਵਿੱਚ ਹੀ ਨਿਪਟਾ ਲਈ ਗਈ। ਪੰਜਾਬ ਦੇ ਲੋਕਾਂ ਨੂੰ ਪਹਿਲੀ ਮੀਟਿੰਗ ਤੋਂ ਹੋਰ ਵੀ ਕਈ ਵੱਡੀਆਂ ਉਮੀਦਾਂ ਸੀ ਤੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸੀ ਪਰ ਮੀਟਿੰਗ ਉਪਰੰਤ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਪਰ ਨੌਜਵਾਨਾਂ ਨੂੰ ਨੌਕਰੀਆਂ ਦਾ ਪਿਟਾਰਾ ਖੋਲ੍ਹ ਦਿੱਤਾ ਗਿਆ ਹੈ। ਮੀਟਿੰਗ ਉਪਰੰਤ ਬਾਹਰ ਆਏ ਦੋ ਮੰਤਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੀਟਿੰਗ ਵਿੱਚ ਹੋਈ ਚਰਚਾ ਨੂੰ ਗੁਪਤ ਰੱਖਣ ਲਈ ਕਿਹਾ ਗਿਆ ਹੈ ਤੇ ਮੀਟਿੰਗ ਵਿੱਚ ਲਿਆ ਫੈਸਲਾ ਵਿਧਾਨ ਸਭਾ ਵਿੱਚ ਲਿਆਂਦਾ ਜਾਵੇਗਾ।
ਨੌਜਵਾਨਾਂ ਬਾਰੇ ਵੱਡਾ ਫੈਸਲਾ
ਨਵੇਂ ਬਣੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਤੋਂ ਪਹਿਲਾਂ ਕਿਹਾ ਕਿ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਈ ਹੈ ਪਰ ਇਨ੍ਹਾਂ ਵਿਸ਼ਿਆਂ ਬਾਰੇ ਉਨ੍ਹਾਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਤੇ ਮੀਡੀਆ ਦੇ ਸੁਆਲਾਂ ਦੇ ਜਵਾਬ ਵਿੱਚ ਸਿਰਫ ਇੰਨਾ ਕਿਹਾ ਕਿ ਹਜਾਰਾਂ ਨੌਜਵਾਨਾਂ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਜੇ ਕੁਝ ਵੀ ਨਹੀਂ ਦੱਸ ਸਕਦੇ ਤੇ ਜੋ ਵੀ ਮੀਟਿੰਗ ਵਿੱਚ ਫੈਸਲੇ ਲਏ ਗਏ ਹਨ, ਉਹ ਵਿਧਾਨਸਭਾ ਵਿੱਚ ਹੀ ਪੇਸ਼ ਕੀਤੇ ਜਾਣਗੇ(resolution to tabled in assembly ) ।
ਚੁੱਪ ਰਹਿਣ ਲਈ ਕਿਹਾ
ਇਸੇ ਤਰ੍ਹਾਂ ਦੂਜੀ ਵਾਰ ਵਿਧਾਇਕ ਬਣ ਕੇ ਮੰਤਰੀ ਦੀ ਕੁਰਸੀ ਹਾਸਲ ਕਰਨ ਵਾਲੇ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਉਂਕਿ ਉਹ ਪਹਿਲੀ ਵਾਰ ਮੰਤਰੀ ਬਣੇ ਹਨ ਤੇ ਉਨ੍ਹਾਂ ਨੇ ਪਹਿਲੀ ਵਾਰ ਕੈਬਨਿਟ ਮੀਟਿੰਗ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਕੋਈ ਜਾਣਕਾਰੀ ਜਨਤਕ ਨਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਇੰਨਾ ਜਰੂਰ ਕਿਹਾ ਕਿ ਸਰਕਾਰ ਉਮੀਦਾਂ ਮੁਤਾਬਕ ਕੰਮ ਕਰੇਗੀ।
ਮਹਿਕਮੇ ਵੀ ਨਹੀਂ ਮਿਲੇ
ਮਾਨ ਦੇ 10 ਮੰਤਰੀਆਂ ਨੇ ਸ਼ਨੀਵਾਰ ਸਵੇਰੇ ਹੀ ਸਹੁੰ ਚੁੱਕੀ ਹੈ ਤੇ ਇਸ ਤੋਂ ਤੁਰੰਤ ਬਾਅਦ ਪੰਜਾਬ ਸਕੱਤਰੇਤ ਵਿਖੇ ਮੀਟਿੰਗ ਵਿੱਚ ਚਲੇ ਗਏ। ਆਮ ਤੌਰ ’ਤੇ ਮੰਤਰੀਆਂ ਨੂੰ ਆਪੋ ਆਪਣੇ ਮਹਿਕਮੇ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਪਰ ਇਹ ਪਹਿਲੀ ਮੀਟਿੰਗ ਸੀ ਕਿ ਮੰਤਰੀਆਂ ਕੋਲ ਅਹੁਦਾ ਜਰੂਰ ਸੀ ਪਰ ਮਹਿਕਮਾ ਨਹੀਂ ਸੀ। ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਅਜੇ ਮਹਿਕਮਿਆਂ ਦੀ ਵੰਡ ਨਹੀਂ ਹੋਈ ਹੈ ਤੇ ਜੋ ਵੀ ਪਾਰਟੀ ਦੇਵੇਗੀ, ਉਹ ਉਸੇ ’ਤੇ ਫੁੱਲ ਚੜ੍ਹਾਉਣਗੇ।
ਖਰਚਿਆਂ ਨੂੰ ਵੀ ਦਿੱਤੀ ਮੰਜੂਰੀ
ਇਸੇ ਤਰ੍ਹਾਂ ਪੰਜਾਬ ਮੰਤਰੀ ਮੰਡਲ ਨੇ ਸਾਲ 2021-22 ਲਈ ਗਰਾਂਟਾਂ ਲਈ ਪੂਰਕ ਮੰਗਾਂ ਦੀ ਪੇਸ਼ਕਾਰੀ ਨੂੰ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿੱਚ ਪੇਸ਼ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਬਕਾਇਆ ਦੇਣਦਾਰੀਆਂ ਨੂੰ ਖਤਮ ਕਰਨ ਲਈ ਵਿੱਤੀ ਸਾਲ 2021-22 ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਗਏ ਵਾਧੂ ਜਾਂ ਵਾਧੂ ਖਰਚਿਆਂ ਲਈ ਬਜਟ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਭਾਰਤ ਦੇ ਸੰਵਿਧਾਨ ਦੀ ਧਾਰਾ 203 ਦੀ ਧਾਰਾ (3) ਵਿੱਚ ਦਰਜ ਉਪਬੰਧਾਂ ਦੇ ਅਨੁਸਾਰ, ਮੰਤਰੀ ਮੰਡਲ ਨੇ ਸਾਲ 2021-22 ਲਈ ਪੰਜਾਬ ਸਰਕਾਰ ਦੀਆਂ ਗ੍ਰਾਂਟਾਂ ਲਈ ਪੂਰਕ ਮੰਗਾਂ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੰਜਾਬ ਰਾਜ ਦੇ ਸਾਲ 2022-23 ਲਈ 1 ਅਪ੍ਰੈਲ, 2022 ਤੋਂ 30 ਜੂਨ, 2022 ਤੱਕ ਦੇ ਅਨੁਮਾਨਿਤ ਖਰਚਿਆਂ ਦੀ ਸਟੇਟਮੈਂਟ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਵਿਧਾਨ ਸਭਾ ਵਿੱਚ ਕਾਰਜਪ੍ਰਣਾਲੀ ਅਤੇ ਕਾਰੋਬਾਰ ਦੇ ਸੰਚਾਲਨ ਦੇ ਨਿਯਮਾਂ ਦੇ ਨਿਯਮ 164 ਦੇ ਅਧੀਨ ਉਪਬੰਧਾਂ ਅਨੁਸਾਰ ਆਉਣ ਵਾਲੀ ਪੰਜਾਬ ਵਿਧਾਨ ਸਭਾ।
ਇਹ ਵੀ ਪੜ੍ਹੋ:ਮਾਨ ਦੀ ਨਵੀਂ ਟੀਮ ਤਿਆਰ, 10 ਮੰਤਰੀਆਂ ਨੇ ਚੁੱਕੀ ਸਹੁੰ