ਚੰਡੀਗੜ੍ਹ: ਸ਼ੈਡੋ ਮੰਤਰੀ ਮੰਡਲ ਦੀ ਪਰੰਪਰਾ ਇੰਗਲੈਂਡ, ਕੈਨੇਡਾ, ਨਿਊਜੀਲੈਂਡ ਅਤੇ ਆਸਟਰੇਲੀਆ ਵਿਚ ਰਹੀ ਹੈ। ਭਾਰਤ ਦੇ ਸੂਬਿਆ ਵਿੱਚ ਸ਼ੈਡੋ ਤਾਂ ਨਹੀਂ, ਪਰ ਵੱਡੇ ਅਹੁਦਿਆਂ ਦੇ ਰਾਖਵੇਂਕਰਨ ਦੀ ਪਰੰਪਰਾ ਜਰੂਰ ਸ਼ੁਰੂ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੀ ਸਰਕਾਰ ਆਉਣ 'ਤੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਦੇ ਅਹੁਦੇ ਰਾਖਵੇਂ ਕਰ ਦਿੱਤੇ ਹਨ। ਅਤੀਤ ਵਿੱਚ ਗੈਰ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ ਜਾਂ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਤੈਅ ਹੁੰਦਾ ਰਿਹਾ ਹੈ, ਪਰ ਰਸਮੀ ਤੌਰ 'ਤੇ ਪਹਿਲੀ ਵਾਰ ਹੋ ਰਿਹਾ ਹੈ।
ਇਹ ਵੀ ਪੜੋ: ਬੁੱਢਾ ਨਾਲਾ ਫਿਰ ਬਣਿਆ ਸਿਆਸਤ ਦਾ ਕੇਂਦਰ, ਲੋਕਾਂ ਨੇ ਖੜੇ ਕੀਤੇ ਸਵਾਲ ਕਿਹਾ....
AAP ਨੇ ਕਰਵਾਈ ਵੋਟਿੰਗ
ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੌਰਾਨ ਹੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਫੋਨ ਵੋਟਿੰਗ ਕਰਵਾਈ ਸੀ। ਇਹਨਾਂ ਵੋਟਾਂ ਦੇ 19 ਜਨਵਰੀ ਨੂੰ ਆਏ ਨਤੀਜੇ ਅਨੁਸਾਰ ਪਾਰਟੀ ਦਾ ਦਾਅਵਾ ਸੀ ਕਿ 21 ਲੱਖ ਲੋਕਾਂ ਨੇ ਇਸਦੇ ਲਈ ਵੋਟਿੰਗ ਕੀਤੀ ਹੈ, ਜਿਸ 'ਚੋਂ 93 ਫ਼ੀਸਦੀ ਲੋਕਾਂ ਨੇ ਭਗਵੰਤ ਮਾਨ ਦੇ ਸਮਰਥਨ ਵਿੱਚ ਵੋਟ ਪਾਈ ਹੈ।
ਭਾਵੇਂ ਇਹ ਵੋਟਿੰਗ ਪ੍ਰੀਕਿਆ ਵਿਵਾਦਪੂਰਨ ਰਹੀ, ਪਰ ਇਹ ਇੱਕ ਨਵਾਂ ਤਜੁਰਬਾ ਸੀ। ਕਾਂਗਰਸ ਨੇ ਸ਼ੁਰੂ ਵਿੱਚ ਆਮ ਆਦਮੀ ਪਾਰਟੀ ਦੀ ਇਸ ਪ੍ਰੀਕ੍ਰਿਆ ਦੀ ਨੁਕਤਾਚੀਨੀ ਕੀਤੀ, ਪਰ ਬਾਅਦ 'ਚ ਕਾਂਗਰਸ ਵਿੱਚ ਵੀ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪਾਰਟੀ 'ਤੇ ਦਬਾਅ ਬਣਨ ਲੱਗਿਆ। ਹੁਣ ਕਾਂਗਰਸ ਨੇ ਵੀ ਮੁੱਖ ਮੰਤਰੀ ਦੇ ਚਿਹਰੇ ਲਈ ਵੋਟਿੰਗ ਸ਼ੁਰੂ ਕਰਵਾ ਦਿੱਤੀ ਹੈ। ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਵੇਗਾ ਜਾਂ ਨਵਜੋਤ ਸਿੰਘ ਸਿੱਧੂ ਹੋਵੇਗਾ , ਇਸ ਸਬੰਧੀ ਮਤਦਾਨ ਦਾ ਨਤੀਜਾ 6 ਫਰਵਰੀ ਨੂੰ ਆਉਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦੇ 2 ਚਿਹਰਿਆਂ ’ਚੋਂ ਇੱਕ ਬਾਰੇ ਫੈਸਲੇ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਨੇ ਮੁੱਖ ਮੰਤਰੀ ਦਾ ਅਹੁਦਾ ਸਿੱਖ ਚਿਹਰੇ ਲਈ ਰਾਖਵਾਂ ਕਰ ਦਿੱਤਾ ਹੈ।
ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਰਾਖਵਾਂ
ਵੈਸੇ ਕਾਂਗਰਸ ਵੱਲੋਂ ਤਾਂ ਪਹਿਲੇ ਤੋਂ ਹੀ ਤੈਅ ਹੈ ਕਿ ਜੇਕਰ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਮੁੱਖ ਮੰਤਰੀ ਸਿੱਖ ਚਿਹਰਾ ਹੀ ਹੋਵੇਗਾ। ਇਸੇ ਗੱਲ ਨੇ ਲੈ ਕੇ ਕਾਂਗਰਸ ਵਿਚ ਵਿਵਾਦ ਵੀ ਬਣਿਆ ਹੋਇਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਗੌਰਤਲਬ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਭ ਤੋਂ ਵੱਧ 42 ਵਿਧਾਇਕਾਂ ਨੂੰ ਉਨ੍ਹਾਂ ਦਾ ਸਮਰਥਨ ਕੀਤਾ ਸੀ। ਜਦਕਿ ਵਰਤਮਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿੱਚ ਸਿਰਫ 2 ਵਿਧਾਇਕ ਸਨ, ਪਰ ਕਾਂਗਰਸ ਦੇ ਦੋ ਕੇਂਦਰੀ ਆਗੂਆਂ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਪੰਜਾਬ ਵਿਚ ਮੁੱਖ ਮੰਤਰੀ ਸਿਰਫ ਸਿੱਖ ਹੀ ਹੋ ਸਕਦਾ ਹੈ।
ਅਕਾਲੀ ਦਲ ਨੇ ਵੀ ਕੀਤਾ ਸਪਸ਼ਟ
ਅਕਾਲੀ ਦਲ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੋਣਗੇ। 5 ਵਾਰ ਮੁੱਖ ਮੰਤਰੀ ਅਤੇ 10 ਵਾਰ ਵਿਧਾਇਕ ਰਹੇ ਪ੍ਰਕਾਸ਼ ਸਿੰਘ ਬਾਦਲ ਹੁਣ ਮੁੱਖ ਮੰਤਰੀ ਦੇ ਦਾਅਵੇ ਤੋਂ ਬਾਹਰ ਹਨ। ਅਕਾਲੀ ਦਲ ਆਪਣਾ ਚੋਣ ਪ੍ਰਚਾਰ ਸਿਰਫ ਸੁਖਬੀਰ ਦੇ ਨਾਂਅ ਹੇਠ ਹੀ ਕਰ ਰਿਹਾ ਹੈ। ਪੋਸਟਰ, ਬੈਨਰ ਆਦਿ 'ਤੇ ਸਿਰਫ ਸੁਖਬੀਰ ਬਾਦਲ ਦੀ ਹੀ ਫੋਟੋ ਹੈ। ਪ੍ਰਕਾਸ਼ ਸਿੰਘ ਬਾਦਲ ਸਿਰਫ ਮਾਰਗ ਦਰਸ਼ਕ ਦੀ ਭੂਮਿਕਾ ਹੀ ਅਦਾ ਕਰਣਗੇ।
ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ ਵਿੱਚ
ਇਸ ਵਾਰ ਵੱਖ-ਵੱਖ ਕਿਸਾਨ ਸੰਗਠਨ ਵੀ ਚੋਣ ਲੜ ਰਹੇ ਹਨ। ਕਿਸਾਨ ਅੰਦੋਲਨ ਦੀ ਪੈਰਵੀ ਕਰਨ ਵਾਲੇ ਬਲਬੀਰ ਸਿੰਘ ਰਾਜੇਵਾਲ ਖੁਦ ਚੋਣ ਲੜ ਰਹੇ ਹਨ। ਕਿਸਾਨਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੋਇਆ ਹੈ। ਰਾਜੇਵਾਲ ਦੇ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਸਮਝੌਤਾ ਵੀ ਮੁੱਖ ਮੰਤਰੀ ਦੇ ਅਹੁਦੇ ਕਰਕੇ ਸਿਰੇ ਨਹੀਂ ਚੜ੍ਹ ਸਕਿਆ।
ਭਾਜਪਾ,ਕੈਪਟਨ ਤੇ ਢੀਡਸਾਂ ਦਾ ਗੱਠਜੋੜ
ਹਾਲਾਂਕਿ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਲਿਆ ਜਾ ਰਿਹਾ ਸੀ, ਪਰ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਨਾਲ ਗਠਜੋੜ ਹੈ। ਇਸ ਲਈ ਭਾਜਪਾ ਆਗੂਆਂ ਨੇ ਗਠਜੋੜ ਅਧੀਨ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਇਨਕਾਰ ਕਰ ਦਿੱਤਾ ਹੈ।
ਅਤੀਤ ’ਤੇ ਝਾਤ
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਤਦਾਨ ਤੋਂ ਇਕ ਹਫਤਾ ਪਹਿਲਾ ਕਾਂਗਰਸ ਦੇ ਕੇਂਦਰੀ ਆਗੂ ਰਾਹੁਲ ਗਾਂਧੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ, ਪਰ ਇਹ ਐਲਾਨ ਵੀ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਸੀ, ਪਰ ਕਾਂਗਰਸ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਸੀ।
ਸੰਵਿਧਾਨ ਅਤੇ ਸਰਕਾਰ ਦੀ ਪ੍ਰਣਾਲੀ
ਸੰਵਿਧਾਨ ਅਤੇ ਸਰਕਾਰ ਦੀ ਪ੍ਰਣਾਲੀ ਮੁਤਾਬਿਕ, ਕਿਸੇ ਵੀ ਪਾਰਟੀ ਦੇ ਜਿੱਤੇ ਬਹੁਗਿਣਤੀ ਮੈਂਬਰਾਂ ਵੱਲੋਂ ਪਾਰਟੀ ਦਾ ਲੀਡਰ ਚੁਣਿਆ ਜਾਂਦਾ ਹੈ। ਅਮੂਮਨ ਇਹੀ ਲੀਡਰ ਹੀ ਮੁੱਖ ਮੰਤਰੀ ਬਣਦਾ ਹੈ। ਬਹੁਗਿਣਤੀ ਵਿਧਾਇਕ ਦੇ ਸਮਰਥਨ ਦੀ ਚਿੱਠੀ ਮਿਲਣ ਤੋਂ ਬਾਅਦ ਸੂਬੇ ਦਾ ਰਾਜਪਾਲ ਹੀ ਸਮਰਥਨ ਨੂੰ ਤਸਦੀਕ ਕਰਦਾ ਹੈ ਅਤੇ ਰਾਜਪਾਲ ਵੱਲੋਂ ਹੀ ਮੁੱਖ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਦੇ ਚਿਹਰੇ ਐਲਾਨਣ ਦੀ ਪ੍ਰੀਕ੍ਰਿਆ ਰਾਜਨੀਤਕ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ, ਉਹ ਵਰਤਮਾਨ ਪ੍ਰਣਾਲੀ ਵਿਚ ਕਿਤੇ ਵੀ ਨਹੀਂ ਹੈ।
ਮਾਹਰ ਦੀ ਰਾਏ
ਰਾਜਨੀਤੀ ਸਿੱਖਿਆ ਦੇ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਰਾਜਨੀਤਕ ਪਾਰਟੀਆਂ ਮੁੱਖ ਮੰਤਰੀ ਦੇ ਚਿਹਰੇ ਸਬੰਧੀ ਮਤਦਾਨ ਕਰਵਾਕੇ ਸਿਰਫ ਪ੍ਰਚਾਰ ਦਾ ਕੰਮ ਹੀ ਕਰ ਰਹੀਆਂ ਹਨ। ਜਦਕਿ ਨਿਯਮਾਂ ਵਿਚ ਅਜਿਹਾ ਕੁਛ ਨਹੀਂ ਹੈ। ਅਸਲ ਵਿਚ ਚੁਣੇ ਹੋਏ ਵਿਧਾਇਕਾਂ ਤੋਂ ਇਹ ਅਧਿਕਾਰ ਖੋਹਣ ਦੀ ਕਿਸਮ ਹੈ।
ਸਿਆਸੀ ਰਾਏ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਲੋਕ ਇਕ ਮੇਹਨਤੀ ਅਤੇ ਇਮਾਨਦਾਰ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਅਜਿਹੇ ਵਿਚ ਲੋਕਾਂ ਦੀ ਇੱਛਾ ਮੁਤਾਬਿਕ ਚਲਣਾ ਕੋਈ ਗ਼ਲਤ ਨਹੀਂ ਹੈ।
ਇਹ ਵੀ ਪੜੋ: ED ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ