ਚੰਡੀਗੜ੍ਹ: ਪੰਜਾਬ ਵਿਚ ਲਟਕਵੀ ਵਿਧਾਨ ਸਭਾ ਬਨਣ ਦੀ ਸੰਭਾਵਨਾਵਾਂ ਦੇ ਚਲਦਿਆ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਰਕਾਰ ਬਨਾਉਣ ਦੀ ਤਿਆਰੀ ਵਿੱਚ ਹੋਰ ਗਠਜੋੜ ਦੀਆਂ ਸੰਭਾਵਨਾਂ ਤਲਾਸ਼ਨਾ ਸ਼ੁਰੂ ਕਰ ਦਿੱਤੀਆ ਹਨ। 24 ਸਾਲ ਦੇ ਪੁਰਾਣੇ ਭਾਈਵਾਲ ਰਹੇ ਅਕਾਲੀ ਦਲ ਅਤੇ ਭਾਜਪਾ ਨੇ ਇੱਕ ਵਾਰ ਮੁੜ ਇੱਕ ਦੂਜੇ ਲਈ ਰਾਹ ਖੋਹਲ੍ਹਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜੋ: ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...
ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸੰਭਾਵਨਾ ਵਿਰੁੱਧ ਕੋਈ ਵੀ ਟਿੱਪਣੀ ਨਹੀਂ ਕਰ ਰਹੇ। ਦੋਹਾਂ ਪਾਰਟੀਆਂ ਦੇ ਆਗੂ ਚੋਣਾਂ ਦੇ ਨਤੀਜੀਆ ਦੀ ਉਡੀਕ ਕਰਨ ਲਈ ਕਹਿ ਰਹੇ ਹਨ। ਚੋਣ ਨਤੀਜਿਆ ਤੋਂ ਬਾਅਦ ਸੀਟਾਂ ਦੀ ਗਿਣਤੀ ਦੇਖ ਕੇ ਹੀ ਗਠਜੋੜ ਦੀ ਅਗਲੀ ਰਣਨੀਤੀ ਬਾਰੇ ਤੈਅ ਹੋਣ ਦੇ ਸੰਕੇਤ ਹਨ।
ਮਜੀਠੀਆ ਨੇ ਭਖਾਈ ਸਿਆਸਤ
ਮਤਦਾਨ ਵਾਲੇ ਦਿਨ 20 ਫਰਵਰੀ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਵੱਲੋਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸੰਭਾਵਨਾ ਬਾਰੇ ਪੁੱਛੇ ਪ੍ਰਸ਼ਨਾਂ ਦੇ ਜੁਆਬ ਵਿਚ ਕਿਹਾ ਸੀ ਕਿ ਚੋਣ ਨਤੀਜਿਆ ਤੋਂ ਬਾਅਦ ਹੀ ਕੋਈ ਵਿਚਾਰ ਹੋ ਸਕਦਾ ਹੈ। ਬਾਅਦ ਵਿਚ ਮਜੀਠੀਆ ਆਪਣੇ ਬਿਆਨ ਤੋਂ ਬਦਲ ਗਏ।
ਭਾਜਪਾ ਆਗੂ ਦਾ ਬਿਆਨ
ਮਜੀਠੀਆ ਦੇ ਇਸੇ ਬਿਆਨ ਦੇ ਪ੍ਰਤਿਕ੍ਰਮ ਵੱਜੋਂ ਹੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਸੀ ਕਿ ਪਹਿਲਾਂ ਜਨਤਾ ਦਾ ਫਤਵਾ ਆ ਲੈਣ ਦਿਉਂ ਅਤੇ 10 ਮਾਰਚ ਤੋਂ ਬਾਅਦ ਹੀ ਇਸ ਬਾਰੇ ਸੋਚਿਆ ਜਾਵੇਗਾ। ਚੁੱਘ ਨੇ ਇਹ ਵੀ ਕਿਹਾ ਕਿ ਉਹ ਅਜਿਹੀ ਕਿਸੇ ਸੰਭਾਵਨਾ ਬਾਰੇ ਨਾ ਤਾਂ ਹਾਂ ਕਹਿ ਰਹੇ ਹਨ ਅਤੇ ਨਾ ਹੀ ਨਾਂਹ ਕਹਿ ਰਹੇ ਹਨ।
ਸੁਖਬੀਰ ਬਾਦਲ ਨੇ ਗਠਜੋੜ ਨਾ ਕਰਨ ਦੀ ਕਹੀ ਸੀ ਗੱਲ
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਗਠਜੋੜ ਚੋਣਾਂ ਵਿੱਚ ਹੂੰਝਾ ਫੇਰ ਦੇਵੇਗਾ ਅਤੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਮੁੜ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦੇ ਹਨ।
ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਦਿੱਤੇ ਕੋਈ ਸੰਕੇਤ
ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਈਟੀਵੀ ਭਾਰਤ ਨਾਲ ਵਿਸੇਸ਼ ਗੱਲਬਾਤ ਦੌਰਾਨ ਅਕਾਲੀ ਦਲ ਅਤੇ ਭਾਜਪਾ ਗਠਜੋੜ ਬਾਰੇ ਨਾ ਕਹੀ ਸੀ ਅਤੇ ਨਾ ਹੀ ਹਾਂ ਕਹੀ ਸੀ। ਦੱਸ ਦਈਏ ਕਿ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਵਿਰੁੱਧ ਭਾਜਪਾ ਵਾਲੇ ਐਨ ਡੀ ਏ ਗਠਜੋੜ ਨਾਲ ਆਪਣਾ ਰਿਸ਼ਤਾ ਤੋੜ ਲਿਆ ਸੀ।
ਅਕਾਲੀ ਦਲ ਪ੍ਰਤੀ ਨਰਮ ਰਹੇ ਪ੍ਰਧਾਨ ਮੰਤਰੀ ਮੋਦੀ
ਦਿਲਚਸਪ ਗੱਲ ਇਹ ਹੈ ਕਿ ਮਤਦਾਨ ਤੋਂ ਇਕ ਹਫ਼ਤਾ ਪਹਿਲਾਂ ਪੰਜਾਬ ਵਿੱਚ ਵਿਆਪਕ ਪ੍ਰਚਾਰ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਦਲਾਂ ਨੂੰ ਉਸੇ ਤਰ੍ਹਾਂ ਨਿਸ਼ਾਨਾ ਨਹੀਂ ਬਣਾਇਆ ਜਿਸ ਤਰ੍ਹਾਂ ਉਨ੍ਹਾਂ ਗਾਂਧੀ, ਕਾਂਗਰਸ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਸੀ। ਇਸੇ ਤਰ੍ਹਾਂ ਬਾਦਲਾਂ ਨੇ ਵੀ ਜ਼ਿਆਦਾਤਰ 'ਆਪ' ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਣ 'ਤੇ ਧਿਆਨ ਦਿੱਤਾ ਅਤੇ ਭਾਜਪਾ ਪ੍ਰਤੀ ਕਾਫ਼ੀ ਨਰਮ ਸਨ।
ਪ੍ਰਧਾਨ ਮੰਤਰੀ ਮੋਦੀ ਮਤਦਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਰੋਨਾ ਹੋਣ 'ਤੇ ਫੋਨ ਵੀ ਕੀਤਾ ਅਤੇ ਬਾਦਲ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਅਤੇ ਇਸਤੋਂ ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ 'ਤੇ ਵੀ ਪ੍ਰਧਾਨ ਮੰਤਰੀ ਨੇ ਬਾਦਲ ਨੂੰ ਮੁਬਾਰਕਾਂ ਦਿੱਤੀਆ ਸਨ।
ਮਤਦਾਨ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਨਾਮੀ ਅਤੇ ਪ੍ਰਭਾਵਸ਼ਾਲੀ ਦੋ ਡੇਰਿਆ ਵੱਲੋਂ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮੱਰਥਨ ਦਾ ਗੈਰ ਰਸਮੀ ਫੈਸਲਾ ਕੀਤਾ ਸੀ, ਉਸ ਨਾਲ ਰਾਤੋਂ ਰਾਤ ਚੋਣਾਂ ਦੇ ਸਮੀਕਰਨ ਬਦਲਦੇ ਨਜ਼ਰ ਆ ਰਹੇ ਸਨ।
ਮਾਹਿਰਾ ਦੀ ਰਾਏ
ਚੰਡੀਗੜ੍ਹ ਤੋਂ ਪੰਜਾਬੀ ਦੇ ਸੀਨੀਅਰ ਪੱਤਰਕਾਰ ਹਰੀਸ਼ ਚੰਦਰ ਦਾ ਕਹਿਣਾ ਸੀ ਕਿ ਜੇਕਰ ਭਾਜਪਾ ਅਜਿਹੀ ਸਥਿਤੀ ਵਿਚ ਦੋਹਰੇ ਅੰਕ ਵਿਚ ਸੀਟਾਂ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ ਅਤੇ ਅਕਾਲੀ ਦਲ ਦਾ ਪ੍ਰਦਰਸ਼ਨ ਵੀ ਬੇਹਤਰ ਰਹਿੰਦਾ ਹੈ ਤਾਂ ਭਾਜਪਾ ਪੰਜਾਬ ਵਿਚ ਕਿੰਗ ਮੇਕਰ ਦੀ ਭੂਮਿਕਾ ਅਦਾ ਕਰ ਸਕਦੀ ਹੈ ਅਤੇ ਅਕਾਲੀ ਦਲ –ਭਾਜਪਾ ਗਠਜੋੜ ਮੁੜ ਸੁਰਜੀਤ ਹੋ ਸਕਦਾ ਹੈ।
ਇਹ ਵੀ ਪੜੋ: 2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ
ਭਾਜਪਾ ਦੀ ਨਜ਼ਰ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੱਲ ਹੈ। ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਹਨ। ਸ਼ਾਇਦ ਇਹੀ ਗੱਲਾਂ ਸਨ ਕਿ ਚੋਣ ਪ੍ਰਚਾਰ ਦੌਰਾਨ ਵੀ ਅਕਾਲੀ ਦਲ ਅਤੇ ਭਾਜਪਾ, ਦੋਹੇ ਹੀ ਇਕ ਦੂਜੇ 'ਤੇ ਗੰਭੀਰ ਦੋਸ਼ ਲਾਉਣ ਤੋਂ ਬਚਦੇ ਰਹੇ ਹਨ। ਹਰੀਸ਼ ਚੰਦਰ ਦਾ ਕਹਿਣਾ ਸੀ ਕਿ ਅਕਾਲੀ ਦਲ ਦੀਆਂ ਹੋਰ ਮੰਗਾਂ ਨੂੰ ਪ੍ਰਵਾਨ ਕਰਨ ਵਿਚ ਭਾਜਪਾ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੋਵੇਗੀ।
ਚੰਡੀਗੜ੍ਹ ਸਥਿੱਤ ਪੰਜਾਬ ਦੇ ਸਿਆਸੀ ਮਾਮਲਿਆ ਦੇ ਮਾਹਰ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਅਕਾਲੀ ਦਲ ਦੀ ਕਮਾਨ ਬਾਦਲ ਪਰਿਵਾਰ ਦੇ ਹੱਥਾਂ ਵਿਚ ਬਰਕਰਾਰ ਰੱਖਣ ਲਈ ਅਕਾਲੀ ਦਲ ਦਾ ਸੱਤਾ ਵਿਚ ਆਉਣਾ ਜਰੂਰੀ ਹੈ ਅਤੇ ਇਹ ਅਕਾਲੀ ਦਲ ਦੀ ਮਜਬੂਰੀ ਹੋਵੇਗੀ ਕਿ ਜੇਕਰ ਭਾਜਪਾ ਦੀ ਮੱਦਦ ਨਾਲ ਪੰਜਾਬ ਵਿਚ ਸਰਕਾਰ ਬਨਾਉਣੀ ਪਈ ਤਾਂ ਉਹ ਭਾਜਪਾ ਨਾਲ ਗਠਜੋੜ ਕਰੇਗਾ, ਨਹੀਂ ਤਾਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਰੁੱਧ ਫਿਰ ਤੋਂ ਬਗਾਵਤ ਹੋ ਸਕਦੀ ਹੈ।