ਚੰਡੀਗੜ੍ਹ: ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿੱਚ ਬੇਅਦਬੀ ਦੀ ਕੋਸ਼ਿਸ਼ (Try to desecrate) ਦੀ ਹੋਈ ਘਟਨਾ ਅਤੇ ਦੋਸ਼ੀ ਨੂੰ ਮਾਰਨ ਉਪਰੰਤ ਹੁਣ ਲਿੰਚਿੰਗ ’ਤੇ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮੰਨੂ ਸਿੰਘਵੀ ਨੇ ਕਿਹਾ ਹੈ ਕਿ ਬੇਅਦਬੀ ਭਿਆਨਕ ਹੈ ਪਰ ਕਿਸੇ ਸਭਿਅਤਾ ਵਾਲੇ ਮੁਲਕ ਵਿੱਚ ਲਿੰਚਿੰਗ ਵੀ ਭਿਆਨਕ ਹੈ। ਉਨ੍ਹਾੰ ਇਹ ਗੱਲ ਟਵੀਟ ਰਾਹੀਂ ਕਹੀ ਤੇ ਨਾਲ ਹੀ ਕਿਹਾ ਕਿ ਸਬੰਧਤ ਅਥਾਰਟੀ ਲਿੰਚਿੰਗ (Lynching) ਦੇ ਦੋਸ਼ੀਆਂ ਨੂੰ ਸਖ਼ਤ ਸਜਾ ਦੇਵੇ।
ਇਸੇ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਵੱਲੋਂ ਇਹ ਕਹਿਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਨੂੰਨ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣ ਵਿੱਚ ਅਸਫਲ ਰਿਹਾ (Law is failed to act against sacrilege culprits)ਤਾਂ ਸਿੱਖ ਕੀ ਕਰਨ। ਉਨ੍ਹਾਂ ਕਿਹਾ ਕਿ 84 ਦੇ ਦੋਸ਼ੀਆਂ ਨੂੰ ਸਜਾ ਦੀ ਉਡੀਕ ਕਰਦੇ ਲੋਕਾਂ ਦੀ ਜਿੰਦਗੀ ਬੀਤ ਗਈ ਤੇ ਕਈਆਂ ਦੀ ਮੌਤ ਹੋ ਗਈ ਤੇ ਆਖਰ ਸਿੱਖ ਕੀ ਕਰਨ।
ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਆਜਾਦੀ ਦੇ ਬਾਅਦ ਤੋਂ ਹੀ ਸਿੱਖਾਂ, ਸਿੱਖ ਧਰਮ, ਸਿੱਖ ਅਸਥਾਨਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਵਰਗੇ ਹਮਲਿਆਂ ਨੇ ਸਿੱਖਾਂ ਨੂੰ ਵਲੂੰਧਰਿਆ ਹੈ ਤੇ ਇਸ ਦੇ ਦੋਸ਼ੀਆਂ ਨੂੰ ਹਮੇਸ਼ਾ ਬਖ਼ਸ਼ਿਆ ਗਿਆ ਹੈ ਤੇ ਇਸ ਨਾਲ ਸਿੱਖਾਂ ਨੂੰ ਹੋਰ ਵੀ ਦੁਖ ਪੁੱਜਾ ਹੈ।
ਲਿੰਚਿੰਗ ਬਾਰੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਦੀ ਘਟਨਾਵਾਂ ਬਹੁਤ ਮੰਦਭਾਗੀਆਂ ਹਨ। ਉਨ੍ਹਾਂ ਇਨ੍ਹਾਂ ਘਟਨਾਵਾਂ ਨੂੰ ਸਰਹੱਦੋਂ ਪਾਰ ਦੀਆਂ ਕੋਸ਼ਿਸ਼ਾਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੋਣਾਂ ਵਿੱਚ ਮਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹਨ ਤੇ ਇਸ ਕਾਰਨ ਸਾਰਿਆਂ ਨੂੰ ਸਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਯਾਦ ਦਿਵਾਇਆ ਕਿ ਅੱਤਵਾਦ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਤਰਾਜਯੋਗ ਸਮੱਗਰੀ ਸੁੱਟੀ ਗਈ ਸੀ ਤੇ ਇਸੇ ਤਰ੍ਹਾਂ ਪਟਿਆਲਾ ਦੇ ਇੱਕ ਮੰਦਰ ਵਿੱਚ ਗਾਂ ਦੀ ਪੂੰਛ ਮਿਲੀ ਸੀ ਤੇ ਅਜਿਹੀਆਂ ਘਟਨਾਵਾਂ ਤੋਂ ਸਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਖੂਫੀਆ ਏਜੰਸੀਆਂ ਨੂੰ ਇਸ ’ਤੇ ਕੰਮ ਕਰਨ ਦਾ ਹੋਕਾ ਦਿੱਤਾ।