ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ 'ਚ ਹੋਈਆਂ ਮੌਤਾਂ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ 'ਤੇ ਨਿਸ਼ਾਨੇ ਵਿੰਨ੍ਹ ਰਹੀ ਹੈ।
ਅਕਾਲੀ ਦਲ ਵੱਲੋਂ ਲਗਾਤਾਰ ਅੱਜ ਤੀਜੇ ਦਿਨ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕੀਤੀ। ਰਾਜਭਵਨ ਵਿਖੇ ਧਰਨਾ ਦੇਣ ਲਈ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰਾਂ ਨੇ ਪਹੁੰਚ ਕੀਤੀ।
ਅਕਾਲੀ ਦਲ ਵੱਲੋਂ ਜਦੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤਾਂ ਉਸ ਦੌਰਾਨ ਪੁਲਿਸ ਟੀਮ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਗਈ। ਇਸ ਦੌਰਾਨ ਅਕਾਲੀ ਆਗੂਆਂ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਕਾਂਗਰਸੀ ਵਿਧਾਇਕਾਂ ਦੀ ਸੂਚੀ ਕਾਂਗਰਸ ਦੇ ਰਾਜ ਸਭਾ ਐਮਪੀ ਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਤੋਂ ਲੈਣ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨ।
ਅਕਾਲੀ ਦਲ ਵੱਲੋਂ ਦਿੱਤਾ ਜਾ ਰਹੇ ਧਰਨੇ ਨੇ ਜਿਸ ਵੇਲੇ ਵਿਸ਼ਾਨ ਰੂਪ ਧਾਰ ਲਿਆ ਤਾਂ ਪੁਲਿਸ ਨੇ ਸਾਰੇ ਧਰਨਾਕਾਰੀਆਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਪੁਲਿਸ ਦੀਆਂ ਲਗਭਗ 3 ਬੱਸਾਂ ਅਕਾਲੀ ਵਰਕਰਾਂ ਨੂੰ ਭਰਕੇ ਸੈਕਟਰ 3 ਦੇ ਥਾਣੇ ਲੈ ਗਈਆਂ। ਇਸ ਦੌਰਾਨ ਅਕਾਲੀ ਦਲ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੱਜ ਕੇ ਸਮਾਜਕ ਦੂਰੀ ਦੀਆਂ ਧਜੀਆਂ ਉਡਾਇਆਂ ਗਈਆਂ।