ਚੰਡੀਗੜ੍ਹ: ਪੰਜਾਬ ਕੈਬਿਨੇਟ 'ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਖੇਡਾਂ ਦੇ ਖੇਤਰ ਤੇ ਨੌਜਵਾਨਾਂ ਨੂੰ ਡੋਪਿੰਗ ਤੋਂ ਦੂਰ ਰੱਖਣ ਲਈ ਵਿਭਾਗ ਵੱਲੋਂ ਵਿਆਪਕ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ 'ਫ਼ਿਜ਼ੀਕਲ ਐਜੂਕੇਸ਼ਨ ਫ਼ਾਊਂਡੇਸ਼ਨ ਆਫ਼ ਇੰਡੀਆ' ਦੇ ਨੁੰਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।
ਫ਼ਾਉਂਡੇਸ਼ਨ ਦੇ ਨੁਮਾਇੰਦਿਆਂ ਨੇ ਮੰਤਰੀ ਨੂੰ ਖੇਡਾਂ 'ਚ ਡੋਪਿੰਗ ਨਾਲ ਖਿਡਾਰੀਆਂ ਦੀ ਸਿਹਤ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ। ਰਾਣਾ ਸੋਢੀ ਨੇ ਨੁਮਾਇੰਦਿਆਂ ਵੱਲੋਂ ਇਸ ਸਬੰਧੀ ਪ੍ਰਗਟਾਏ ਵਿਚਾਰਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਪੰਜਾਬ 'ਚ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋ ਪੁੱਟਣ ਲਈ ਦੋ ਧਿਰੀ ਰਣਨੀਤੀ ਪ੍ਰਸਤਾਵਿਤ ਕੀਤੀ।
ਇਸ ਰਣਨੀਤੀ ਤਹਿਤ ਇਸ ਸਾਲ ਜੁਲਾਈ ਵਿਚ ਮੁਹਾਲੀ ਵਿਖੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕੋਚਾਂ/ਫ਼ਿਜੀਕਲ ਟਰੇਨਰਾਂ ਲਈ ਦੋ ਰੋਜ਼ਾ ਕਲੀਨਿਕਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਵਧੀਕ ਮੁੱਖ ਸਕੱਤਰ (ਖੇਡਾਂ) ਸੰਜੇ ਕੁਮਾਰ ਨੇ ਕਿਹਾ ਕਿ ਪੀਈਐੱਫਆਈ ਦਾ ਪੰਜਾਬ ਸਰਕਾਰ ਨਾਲ ਇਕ ਸਮਝੌਤਾ ਸਹੀਬੱਧ ਕਰਨਾ ਵੀ ਪ੍ਰਸਤਾਵਿਤ ਹੈ ਤਾਂ ਕਿ ਸੂਬੇ ਵਿਚ ਖੇਡ ਸੱਭਿਆਚਾਰ ਦਾ ਵਿਕਾਸ ਕੀਤਾ ਜਾ ਸਕੇ ਅਤੇ ਪੰਜਾਬ ਦੇ ਨੌਜਵਾਨਾਂ ਦੀ ਜੀਵਨ ਸ਼ੈਲੀ ਨੂੰ ਚੁਸਤ, ਸਿਹਤਮੰਦ ਦੇ ਨਾਲ ਨਾਲ ਦਰੁਸਤ ਬਣਾਇਆ ਜਾ ਸਕੇ।
ਖੇਡ ਵਿਭਾਗ ਦੀ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਟੈਲੈਂਟ, ਟ੍ਰੇਨਿੰਗ ਤੇ ਟਾਰਗੇਟ ਦੀ 'ਟੀਟੀਟੀ' ਨੀਤੀ ਅਮਲ ਵਿੱਚ ਲਿਆਏ ਜਾਣ ਦੀ ਗੱਲ ਕਹੀ ਤਾਂ ਜੋ ਪੰਜਾਬ ਦੇ ਨੌਜਵਾਨਾਂ ਵਿੱਚ ਮੌਜੂਦ ਅਥਾਹ ਸਮਰੱਥਾ ਅਤੇ ਊਰਜਾ ਨੂੰ ਸਕਾਰਾਤਮਕ ਦਿਸ਼ਾ ਦਿੱਤੀ ਜਾ ਸਕੇ।