ਚੰਡੀਗੜ੍ਹ: ਪੀਜੀਆਈ ਨੇ ਮੰਗਲਵਾਰ ਨੂੰ ਕੋਰੋਨਾ ਟੈਸਟਿੰਗ ‘ਤੇ ਵੱਡਾ ਫ਼ੈਸਲਾ ਲਿਆ ਹੈ। ਪੀਜੀਆਈ ਅਧਿਕਾਰੀ ਅਨੁਸਾਰ ਪੀਜੀਆਈ ਪ੍ਰਸ਼ਾਸਨ ਨੇ ਕੋਰੋਨਾ ਟੈਸਟ ਲਈ ਸਾਢੇ ਅੱਠ ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ, ਕੋਰੋਨਾ ਟੈਸਟਿੰਗ ਲਈ ਸੰਸਥਾ ਪ੍ਰਬੰਧਨ ਖ਼ੁਦ ਇੱਕ ਮਹੀਨੇ ਵਿੱਚ 50 ਹਜ਼ਾਰ ਕਿੱਟਾਂ ਦੀ ਖਰੀਦ ਕਰੇਗਾ।
ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਮਹੀਨੇ ਪੀਜੀਆਈ ਨੂੰ ਆਲੇ ਦੁਆਲੇ ਦੇ ਰਾਜਾਂ ਦੇ ਕੋਵਿਡ ਟੈਸਟ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਬਜਟ ਤੋਂ ਕਿੱਟਾਂ ਅਤੇ ਹੋਰ ਉਤਪਾਦ ਖ਼ਰੀਦਣ ਲਈ ਨਿਰਦੇਸ਼ ਜਾਰੀ ਕੀਤੇ ਸਨ।
ਮੰਤਰਾਲੇ ਨੇ ਰਾਜਾਂ ਦਾ ਕੋਵਿਡ ਟੈਸਟ ਸਮੇਂ ਸਿਰ ਨਾ ਕਰਨ ਲਈ ਪੀਜੀਆਈ ਨੂੰ ਤਾੜਨਾ ਕਰਦਿਆਂ ਕਿਹਾ ਸੀ ਕਿ ਚੰਡੀਗੜ੍ਹ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੋਰੋਨਾ ਨਮੂਨਿਆਂ ਦੀ ਜਾਂਚ ਵੀ ਪੀਜੀਆਈ ਦੀ ਜ਼ਿੰਮੇਵਾਰੀ ਹੈ।
ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਦੇ 21,563 ਟੈਸਟ ਕੀਤੇ ਜਾ ਚੁੱਕੇ ਹਨ। ਪੀਜੀਆਈ ਹੁਣ ਤੱਕ 52,000 ਤੋਂ ਵੱਧ ਕੋਰੋਨਾ ਟੈਸਟ ਕਰ ਚੁੱਕੀ ਹੈ, ਅੱਧ ਤੋਂ ਵੱਧ ਟੈਸਟ ਪੰਜਾਬ ਦੇ ਨਮੂਨਿਆਂ ਦੇ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਟੈਸਟ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਆਦਿ ਨਾਲ ਸਬੰਧਤ ਹਨ। ਚੰਡੀਗੜ੍ਹ ਵਿੱਚ ਕੋਰੋਨਾ ਲਈ ਆਰਟੀ-ਪੀਸੀਆਰ ਤੇ ਜੀਨਐਕਸਪਰਟ ਤੋਂ ਇਲਾਵਾ ਐਂਟੀਜੇਨ ਟੈਸਟ ਵੀ ਕਰਵਾਏ ਜਾ ਰਹੇ ਹਨ।