ਚੰਡੀਗੜ੍ਹ:ਸੂਬਾ ਸਰਕਾਰ ਵੱਲੋਂ ਭਾਵੇਂ ਹਰ ਇਕ ਵਰਗ ਦਾ ਟੀਕਾਕਰਨ ਕਰਨ ਲਈ ਲੱਖ ਦਾਅਵੇ ਕੀਤੇ ਜਾ ਰਹੇ ਹੋਣ ਪਰ ਲੋਕਾਂ ਨੂੰ ਟੀਕੇ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਸਰਟੀਫਿਕੇਟ ਨਾ ਮਿਲਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਟੀਫਿਕੇਟ ਨਾ ਮਿਲਣ ਕਾਰਨ ਹੋ ਰਹੀ ਖੱਜਲ ਖੁਆਰੀ
ਇੰਨ੍ਹਾਂ ਹੀ ਨਹੀਂ ਜੋ ਸਰਟੀਫਿਕੇਟ ਦਿੱਤੇ ਜਾ ਰਹੇ ਹਨ ਉਨ੍ਹਾਂ ਵਿੱਚ ਤਰੀਕ ਵੀ ਗ਼ਲਤ ਪਾਈ ਜਾ ਰਹੀ ਹੈ ਆਮ ਲੋਕਾਂ ਦੀ ਗੱਲ ਤਾਂ ਦੂਰ ਮੀਡੀਆ ਅਦਾਰਿਆਂ ਚ ਕੰਮ ਕਰਨ ਵਾਲੇ ਨੌਜਵਾਨਾਂ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ।ਜਿਨ੍ਹਾਂ ਮੀਡੀਆ ਅਦਾਰਿਆਂ ਦੇ ਲੋਕਾਂ ਵੱਲੋਂ ਮੁਹਾਲੀ ਦੇ ਸਿਵਲ ਹਸਪਤਾਲ ਵਿੱਚੋਂ ਟੀਕਾਕਰਨ ਕਰਵਾਇਆ ਗਿਆ ਪਰ ਇੱਕ ਮਹੀਨੇ ਬਾਅਦ ਉਨ੍ਹਾਂ ਦੇ ਸਰਟੀਫਿਕੇਟ ਅਪਲੋਡ ਕੀਤੇ ਗਏ ਹਨ ਜਿਸ ਕਾਰਨ ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਸਿਹਤ ਵਿਭਾਗ ‘ਤੇ ਸਵਾਲ
ਇਸ ਦੌਰਾਨ ਈਟੀਵੀ ਭਾਰਤ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤੇ ਪਰਦਾ ਪਾਉਂਦਿਆਂ ਸਾਰਾ ਦੋਸ਼ ਕੇਂਦਰ ਸਰਕਾਰ ਉੱਪਰ ਮੜ ਦਿੱਤਾ।ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਪੋਰਟਲ ਬਣਾਇਆ ਗਿਆ ਹੈ ਅਤੇ ਉਨ੍ਹਾਂ ਦੇ ਸਿਹਤ ਵਿਭਾਗ ਵੱਲੋਂ ਲਗਾਤਾਰ ਟੀਕਾਕਰਨ ਕਰਨ ਤੋਂ ਬਾਅਦ ਡਾਟਾ ਅਪਲੋਡ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁਝ ਅਲੱਗ ਹੈ।
ਸਿਹਤ ਮੰਤਰੀ ਨੇ ਕੇਂਦਰ ‘ਤੇ ਮੜਿਆ ਦੋਸ਼
ਇੱਥੇ ਸਵਾਲ ਇਹ ਖੜ੍ਹਾ ਹੁੰਦਾ ਕਿ ਜੇਕਰ ਮੀਡੀਆ ਵਿਚ ਕੰਮ ਕਰਦੇ ਨੌਜਵਾਨਾਂ ਨੂੰ ਟੀਕਾਕਰਨ ਕਰਨ ਤੋਂ ਬਾਅਦ ਮੈਸੇਜ ਨਹੀਂ ਮਿਲ ਰਹੇ ਉਨ੍ਹਾਂ ਦੇ ਸਰਟੀਫਿਕੇਟ ਅਪਲੋਡ ਨਹੀਂ ਹੋ ਰਹੇ ਤਾਂ ਆਮ ਲੋਕਾਂ ਨੂੰ ਕਿੰਨ੍ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ। ਇਸ ਤੋਂ ਸਭ ਤੋਂ ਅਨਜਾਣ ਸਿਹਤ ਮੰਤਰੀ ਕੇਂਦਰ ਸਰਕਾਰ ਤੇ ਇਲਜ਼ਾਮ ਲਗਾ ਰਹੇ ਹਨ ਜਦ ਕਿ ਸਿਹਤ ਵਿਭਾਗ ਦੇ ਸਿਸਟਮ ਨੂੰ ਦਰੁਸਤ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ:Punjab Congress Conflict: ‘ਨਵਜੋਤ ਸਿੱਧੂ ਦੇ ਬਿਆਨ ਦੀ ਕੀਤੀ ਜਾ ਰਹੀ ਹੈ ਜਾਂਚ’