ਚੰਡੀਗੜ੍ਹ: ਸਾਂਸਦ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ 'ਤੇ ਤੰਜ ਕੱਸਦਿਆਂ ਕਿਹਾ ਸੀ ਕਿ 35 ਮਿੰਟ ਦੀ ਮੁਲਾਕਾਤ 'ਚ ਮੁੱਖ ਮੰਤਰੀ ਨੂੰ ਸਿਰਫ ਨੈਸ਼ਨਲ ਸਕਿਉਰਿਟੀ ਦਾ ਹੀ ਮੁੱਦਾ ਸੁੱਝਿਆ ਅਤੇ ਹੋਰ ਮੁੱਦਿਆਂ ਤੇ ਗੱਲ ਕਿਉਂ ਨਹੀਂ ਕੀਤੀ ਗਈ।
ਆਈ.ਐਸ.ਆਈ. ਪੰਜਾਬ ਦੇ ਨੌਜਵਾਨਾਂ ਨੂੰ ਕਰ ਸਕਦੀ ਹੈ ਗੁੰਮਰਾਹ
ਇਸ ਦਾ ਪਲਟਵਾਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਤਾਂ ਪੰਜਾਬ ਦੇ ਵਿੱਚ ਕਿਸਾਨੀ ਬਰਬਾਦ ਹੋ ਜਾਵੇਗੀ ਜਿਸ ਦਾ ਅਸਰ ਪੂਰੇ ਦੇਸ਼ ਭਰ ਵਿੱਚ ਪਵੇਗਾ। ਇਸ ਦਾ ਨੁਕਸਾਨ ਸਭ ਤੋਂ ਵੱਧ ਪੰਜਾਬ ਨੂੰ ਹੋਵੇਗਾ ਅਤੇ ਪੰਜਾਬ ਦੇ ਨਾਲ ਲਗਦੇ ਪਾਕਿਸਤਾਨ ਵਿੱਚ ਬੈਠੀ ਆਈ.ਐਸ.ਆਈ. ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਿੱਚ ਲੱਗ ਜਾਵੇਗੀ।
ਇਨ੍ਹਾਂ ਗੱਲਾਂ ਦਾ ਖਦਸ਼ਾ ਜ਼ਾਹਰ ਕਰਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੈਸ਼ਨਲ ਸਕਿਉਰਿਟੀ ਦੇ ਮੁੱਦੇ ਬਾਰੇ ਬਿਆਨ ਦਿੱਤਾ ਗਿਆ ਸੀ। ਮੋਦੀ ਸਰਕਾਰ 'ਤੇ ਤੰਜ ਕੱਸਦਿਆਂ ਜਾਖੜ ਨੇ ਕਿਹਾ ਕਿ 5 ਨਵੰਬਰ ਨੂੰ ਨਵੇਂ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਪਹਿਲਾਂ ਜੇਕਰ ਕਿਸਾਨਾਂ ਨਾਲ ਬੈਠਕ ਕਰ ਲਈ ਹੁੰਦੀ ਤਾਂ ਅੱਜ ਕਿਸਾਨਾਂ ਅਤੇ ਭਾਜਪਾ ਸਰਕਾਰ ਨੂੰ ਇਹ ਦਿਨ ਨਾ ਦੇਖਣੇ ਪੈਂਦੇ।
'ਬਾਦਲ ਪਹਿਲਾਂ ਆਪਣਾ ਪਰਿਵਾਰ ਇਕੱਠਾ ਕਰਨ'
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਿਸ ਕੀਤੇ ਜਾਣ ਦੇ ਐਲਾਨ 'ਤੇ ਸੁਨੀਲ ਜਾਖੜ ਨੇ ਪਲਟਵਾਰ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਬਾਦਲ ਆਪਣੇ ਪਰਿਵਾਰ ਨੂੰ ਇਕੱਠਾ ਕਰਨ ਅਤੇ ਉਸ ਤੋਂ ਬਾਅਦ ਦੇਸ਼ ਭਰ ਦੀਆਂ ਖੇਤਰੀ ਪਾਰਟੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰਨ।
ਉਨ੍ਹਾਂ ਕਿਹਾ ਕਿ ਕੇਂਦਰ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੋਰਾਂ ਨਾਲ ਗੱਲਬਾਤ ਕਰਕੇ ਹੀ ਨਵੇਂ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਸੀ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਕੁੱਝ ਹੋਰ ਬਿਆਨ ਦੇ ਰਹੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਖੇਤੀਬਾੜੀ ਕਾਨੂੰਨਾਂ ਨੂੰ ਗਲਤ ਦੱਸ ਰਹੇ ਹਨ, ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਬਾਦਲ ਪਰਿਵਾਰ ਪੰਜਾਬ ਦੇ ਕਿਸਾਨਾਂ ਨੂੰ ਬੇਵਕੂਫ ਬਣਾ ਰਿਹਾ ਹੈ ਪਰ ਉਹ ਹਥਕੰਡੇ ਕਿਸਾਨਾਂ ਮੂਹਰੇ ਨਹੀਂ ਚੱਲਣਗੇ ਕਿਉਂਕਿ ਕਿਸਾਨ ਸਭ ਕੁੱਝ ਸਮਝ ਚੁੱਕੇ ਹਨ।
ਕੇਜਰੀਵਾਲ ਨੇ ਕੇਂਦਰ ਸਰਕਾਰ ਟੇਕ ਦਿੱਤੇ ਸਨ ਮੂਹਰੇ ਘੁਟਨੇ
ਪੰਜਾਬ ਸਰਕਾਰ ਵੱਲੋਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਤੇ ਨਵੇਂ ਖੇਤੀਬਾੜੀ ਕਾਨੂੰਨ ਲਾਗੂ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲੈ ਕੇ ਹੋ ਰਹੀ ਸਿਆਸਤ 'ਤੇ ਪਲਟਵਾਰ ਕਰਦਿਆਂ ਜਾਖੜ ਨੇ ਕਿਹਾ ਕਿ ਕਾਫੀ ਸਮੇਂ ਪਹਿਲਾਂ ਹੀ ਕੇਜਰੀਵਾਲ ਨੇ ਕੇਂਦਰ ਸਰਕਾਰ ਮੂਹਰੇ ਘੁਟਨੇ ਟੇਕ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਜਰੀਵਾਲ ਨੇ ਕਦੇ ਕੋਈ ਬਿਆਨ ਨਹੀਂ ਦਿੱਤਾ ਸੀ। ਸਿਰਫ ਜੰਤਰ ਮੰਤਰ 'ਤੇ ਇੱਕ ਵਾਰ ਧਰਨੇ ਚ ਸ਼ਾਮਲ ਹੋਏ ਸਨ ਅਤੇ ਦੋ ਲਫਜ਼ਾਂ ਤੋਂ ਸਿਵਾਏ ਕੋਈ ਵੀ ਬਿਆਨ ਨਹੀਂ ਦਿੱਤਾ ਸੀ।