ਚੰਡੀਗੜ੍ਹ: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ ਟੀਮ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਚਾਇਤ ਵਿਭਾਗ ਨੇ 20 ਮਈ ਨੂੰ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਸੀ। ਇਸ ਟੀਮ ਵਲੋਂ ਜਾਂਚ ਪੂਰੀ ਕਰ ਲਈ ਗਈ ਹੈ ਜਿਸ ਦੀ ਰਿਪੋਰਟ ਅਗਲੇਰੀ ਕਾਰਵਾਈ ਹਿੱਤ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਦੀ ਪੰਚਾਇਤ ਵੱਲੋਂ ਅਲਫਾ ਇੰਟਰਨੈਸ਼ਨਲ ਸਿਟੀ ਨੂੰ ਆਪਣੀ ਜ਼ਮੀਨ ਵੇਚੀ ਗਈ ਸੀ। ਸਰਕਾਰ ਬਣਦਿਆਂ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਸੀ ਕਿ ਇਸ ਜ਼ਮੀਨ ਨੂੰ ਵੇਚਣ ਲਈ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਾਇਆ ਗਿਆ ਹੈ ਅਤੇ ਹੋਰ ਕਈ ਤਕਨੀਕੀ ਗੜਬੜੀਆਂ ਕੀਤੀਆਂ ਗਈਆ ਹਨ।
ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਭਾਗ ਦੇ ਤਿੰਨ ਸੀਨੀਅਰ ਅਫਸਰਾਂ ‘ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਇਸ ਮਾਮਲੇ ਨੁੰ ਨਿਰਪੱਖਤਾ ਨਾਲ ਘੋਖਣ ਲਈ ਕਿਹਾ ਸੀ। ਜਾਂਚ ਟੀਮ ਵਲੋਂ ਇਸ ਮਾਮਲੇ ਨੂੰ ਬੜੀ ਬਰੀਕੀ ਨਾਲ ਖੋਖ ਕੇ ਰਿਪੋਰਟ ਤਿਆਰ ਕੀਤੀ ਗਈ ਹੈ ਜੋ ਮੁੱਖ ਮੰਤਰੀ ਨੂੰ ਸੋਂਪੀ ਗਈ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਇੱਕ ਬਾਰ ਫਿਰ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਪੈਸੇ ਜਾਂ ਸਾਧਨਾ ਦੀ ਲੁੱਟ ਖਸੁੱਟ ਬਿਲਕੁਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਜਿਸ ਨੇ ਕੋਈ ਘੁਟਾਲਾ ਜਾ ਸਰਕਾਰੀ ਪੈਸੇ ਦੀ ਲੁੱਟ ਖਸੁੱਟ ਕੀਤੀ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਭਾਵੇਂ ਕੋਈ ਕਿੰਨਾ ਹੀ ਰਸੂਖਦਾਰ ਕਿਓਂ ਨਾ ਹੋਵੇ ਜਾ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ।
ਇਹ ਵੀ ਪੜ੍ਹੋ: ਲਾਰੈਂਸ ਦੇ ਗੁਰਗੇ ਨੇ ਦਾਗਿਆ ਸੀ ਇੰਟੈਲੀਜੈਂਸ ਦਫਤਰ 'ਤੇ ਰਾਕੇਟ, ਜਾਂਚ 'ਚ ਆਇਆ ਸਾਹਮਣੇ